ਪੰਜਾਬ ’ਚ ਰਾਜਸਥਾਨ ਦੀ ਸੰਸਥਾ ਨੂੰ ਕੁੱਤਿਆਂ ਦੀ ਨਸਬੰਦੀ ਦਾ ਠੇਕਾ; ਦੋ ਹਜ਼ਾਰ ਰੁਪਏ ਪ੍ਰਤੀ ਅਪ੍ਰੇਸ਼ਨ

ਪੰਜਾਬ ’ਚ ਰਾਜਸਥਾਨ ਦੀ ਸੰਸਥਾ ਨੂੰ ਕੁੱਤਿਆਂ ਦੀ ਨਸਬੰਦੀ ਦਾ ਠੇਕਾ; ਦੋ ਹਜ਼ਾਰ ਰੁਪਏ ਪ੍ਰਤੀ ਅਪ੍ਰੇਸ਼ਨ

ਪਸ਼ੂ ਪ੍ਰੇਮੀਆਂ ਵੱਲੋਂ ਇਤਰਾਜ਼ ਕਰਨ 'ਤੇ ਨਸਬੰਦੀ ਸੈਂਟਰ ਦੇ ਬੂਹੇ ਲਾ ਰਿਹਾ ਕਾਮਾ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ

ਮੁਕਤਸਰ ਵਿਖੇ ਬੁੱਚੜਖਾਨੇ ਵਾਲੀ ਖਸਤਾ ਇਮਾਰਤ 'ਚ ਹੀ ਇਕ ਮੇਜ਼ ਵਾਲਾ ਅਪ੍ਰੇਸ਼ਨ ਥੀਏਟਰ ਬਣਾਕੇ ਅਵਾਰਾ ਕੁੱਤਿਆਂ ਦੇ ਨਸਬੰਦੀ ਤੇ ਨਲਬੰਦੀ ਅਪ੍ਰੇਸ਼ਨ ਸ਼ੁਰੂ ਕਰ ਦਿੱਤੇ ਹਨ। ਕੁੱਤਿਆਂ ਨੂੰ ਤਾੜਣ ਵਾਲੇ ਇੱਟਾਂ ਦੇ ਪਿੰਜਰਿਆਂ ਨੂੰ ਬੂਹੇ ਵੀ ਨਹੀਂ ਲਾਏ ਗਏ।ਮੁਕਤਸਰ ਨਗਰ ਕੌਂਸਲ ਵੱਲੋਂ ਰਾਜਸਥਾਨ ਦੇ 'ਗਰਾਮ ਸਵਰਾਜ ਵਿਕਾਸ ਤੇ ਉਥਾਨ ਸੰਸਥਾਨ' ਸ੍ਰੀ ਗੰਗਾਨਗਰ ਨੂੰ 500 ਕੁੱਤਿਆਂ ਦੇ ਅਪ੍ਰੇਸ਼ਨ ਦਾ ਠੇਕਾ ਕਰੀਬ 2000 ਰੁਪਏ ਪ੍ਰਤੀ ਕੁੱਤੇ ਦੇ ਹਿਸਾਬ ਨਾਲ ਦਿੱਤਾ ਹੈ। ਪਸ਼ੂ ਪ੍ਰੇਮੀ ਕੰਦਮਨੀ ਅਰੋੜਾ, ਅਨਮੋਲ ਬੁੱਧਰਾਜ, ਸਾਗਰ, ਸੁਨੀਲ ਕੁਮਾਰ ਨੇ ਦੱਸਿਆ ਕਿ ਜਿਸ ਥਾਂ ਅਪ੍ਰੇਸ਼ਨ ਕਰਨੇ ਹਨ ਉਥੇ ਪਹਿਲਾਂ ਬੁੱਚੜਖਾਨਾ ਸੀ। ਉਥੇ ਨਾ ਤਾਂ ਢੁਕਵਾਂ ਅਪ੍ਰੇਸ਼ਨ ਥੀਏਟਰ ਹੈ ਤੇ ਨਾ ਹੀ ਕੁੱਤਿਆਂ ਦੀ ਸੰਭਾਲ ਦਾ ਕੋਈ ਪ੍ਰਬੰਧ ਹੈ। ਪਿੰਜਰਿਆਂ ਨੂੰ ਬੂਹੇ ਵੀ ਨਹੀਂ ਲੱਗੇ। ਇਕ ਪਿੰਜਰੇ ਵਿੱਚ 20 ਕੁੱਤੇ ਤਾੜੇ ਹਨ।

'ਗਰਾਮ ਸਵਰਾਜ ਵਿਕਾਸ ਤੇ ਉਥਾਨ ਸੰਸਥਾਨ' ਸ੍ਰੀ ਗੰਗਾਨਗਰ ਦੇ ਮੈਨੇਜਰ ਰਾਮ ਪ੍ਰਤਾਪ ਗੋਸਵਾਮੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਪੰਜਾਬ ਤੇ ਰਾਜਸਥਾਨ 'ਚ ਕਾਫੀ ਕੁੱਤਿਆਂ ਦੇ ਅਪ੍ਰੇਸ਼ਨ ਕਰਵਾ ਚੁੱਕੇ ਹਨ। ਉਹ ਕੁੱਤਿਆਂ ਦੀ ਪੂਰੀ ਸੰਭਾਲ ਕਰਨਗੇ। ਜਿਹੜੀਆਂ ਕਮੀਆਂ ਰਹਿੰਦੀਆਂ ਹਨ ਉਹ ਜਲਦੀ ਹੀ ਪੂਰੀਆਂ ਕਰ ਲਈਆਂ ਜਾਣਗੀਆਂ। ਪਸ਼ੂ ਵਿਭਾਗ ਦੇ ਤਕਨੀਕੀ ਨਿਗਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਟਾਰੀਆ ਨੇ ਕਿਹਾ ਕਿ ਉਹ ਜਲਦੀ ਹੀ ਪ੍ਰਸ਼ਾਨਨ ਨਾਲ ਬੈਠਕ ਕਰਕੇ ਸਥਿਤੀ ਸਪੱਸ਼ਟ ਕਰਨਗੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All