ਕਰੋਨਾ: ਨਿੱਜੀ ਹਸਪਤਾਲਾਂ ’ਚ ਖਾਲੀ ਬੈੱਡਾਂ ਸਬੰਧੀ ਐਪ ਲਾਂਚ

ਕਰੋਨਾ: ਨਿੱਜੀ ਹਸਪਤਾਲਾਂ ’ਚ ਖਾਲੀ ਬੈੱਡਾਂ ਸਬੰਧੀ ਐਪ ਲਾਂਚ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਐੱਚਬੀਐੱਮਐੱਸ ਪੰਜਾਬ’ ਅੈਪ ਜਾਰੀ ਕਰਦੇ ਹੋਏ, ਨਾਲ ਹੋਰ ਅਧਿਕਾਰੀ। -ਫੋਟੋ: ਅਸ਼ਵਨੀ ਧੀਮਾਨ

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਗਸਤ

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇੱਕ ਮੋਬਾਈਲ ਐਪ ‘ਐੱਚਬੀਐੱਮਐੱਸ ਪੰਜਾਬ’ ਲਾਂਚ ਕੀਤੀ ਜਿਸ ਰਾਹੀਂ ਵਸਨੀਕ ਨਿੱਜੀ ਅਤੇ ਸਰਕਾਰੀ ਦੋਵਾਂ ਹਸਪਤਾਲਾਂ ਵਿੱਚ ਖਾਲੀ ਬਿਸਤਰੇ ਦੀ ਅਸਲ ਸਥਿਤੀ ਦੀ ਜਾਂਚ ਕਰ ਸਕਦੇ ਹਨ। 

 ਸ੍ਰੀ ਆਸ਼ੂ ਨੇ ਕਿਹਾ ਕਿ ਇਹ ਮੋਬਾਈਲ ਐਪ ਇਸ ਵੇਲੇ ਸਿਰਫ ਗੂਗਲ ਪਲੇਅ ਸਟੋਰ (ਐਂਡਰਾਇਡ ਫੋਨਾਂ ਲਈ) ’ਤੇ ਉਪਲਬਧ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਇਸਦਾ ਆਈ.ਓ.ਐੱਸ. ਸੰਸਕਰਨ ਵੀ ਲਾਂਚ ਕੀਤਾ ਜਾਵੇਗਾ। ਇਹ ਮੋਬਾਈਲ ਐਪ ਵਸਨੀਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਇਲਾਜ ਲਈ ਕਿਸੇ ਹਸਪਤਾਲ ਜਾਣ ਤੋਂ ਪਹਿਲਾਂ ਖਾਲੀ ਬਿਸਤਰੇ ਦੀ ਸਥਿਤੀ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਲੋਕ ਸਰਕਾਰੀ ਵੈੱਬ ਲਿੰਕ https://ludhiana.nic.in/notice/covid-19-bed-status-in-ludhiana-district ਜਾਂ ਵੈੱਬਸਾਈਟ www.hbmspunjab.in ’ਤੇ ਵੀ ਖਾਲੀ ਪਏ ਬਿਸਤਰੇ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦਾ ਇਲਾਜ ਕਰਨ ਵਾਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਐਪ ਅਤੇ ਵੈੱਬ ਲਿੰਕਾਂ ’ਤੇ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਤਹਿਤ 80 ਹਜ਼ਾਰ ਮਾਸਕ ਇਕੱਲੇ ਜ਼ਿਲ੍ਹਾ ਲੁਧਿਆਣਾ ਵਿਚ ਵੰਡੇ ਜਾਣਗੇ। 

 ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਕਰੋਨਾ ਤੋਂ ਨਾ ਘਬਰਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹਾਮਾਰੀ ਖ਼ਿਲਾਫ਼ ਸਹਿਯੋਗ ਦੇਣ ਦੀ ਅਪੀਲ ਕੀਤੀ। 

ਭਗਵਾਨ ਮਹਾਵੀਰ ਹੋਮਿਓਪੈਥਿਕ ਹਸਪਤਾਲ ’ਚ ਕਰੋਨਾ ਕੇਅਰ ਸੈਂਟਰ ਸ਼ੁਰੂ

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਲੁਧਿਆਣਾ ਨੇ ਸਥਾਨਕ ਭਗਵਾਨ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ, ਹੰਬੜਾ ਰੋਡ ਲੁਧਿਆਣਾ ਵਿੱਚ ਆਈ.ਐੱਮ.ਏ. ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਹੈ। ਇਸ ਕੇਂਦਰ ਦਾ ਉਦਘਾਟਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਸ੍ਰੀ ਆਸ਼ੂ ਨੇ ਆਈ.ਐੱਮ.ਏ. ਲੁਧਿਆਣਾ ਅਤੇ ਹਸਪਤਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਨੂੰ ਸੰਭਾਲਣ ਲਈ ਦੂਸਰੇ ਨਿੱਜੀ ਹਸਪਤਾਲਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨਿੱਜੀ ਜਾਂ ਸਰਕਾਰੀ ਹਸਪਤਾਲਾਂ ਵਿਚ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਆਈ.ਐੱਮ.ਏ. ਲੁਧਿਆਣਾ ਦੇ ਪ੍ਰਧਾਨ ਡਾ. ਸੁਨੀਲ ਕਤਿਆਲ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ 25 ਬਿਸਤਰਿਆਂ ਨਾਲ ਕੀਤੀ ਗਈ ਹੈ, ਜਿਸ ਨੂੰ 50 ਬਿਸਤਰਿਆਂ ਤੱਕ ਵਧਾਇਆ ਜਾਵੇਗਾ। 

ਵਿਧਾਇਕ ਢਿੱਲੋਂ ਹੋਏ ਸਿਹਤਯਾਬ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜੋ ਕਰੋਨਾ ਪੀੜਤ ਹੋ ਗਏ ਸਨ, ਸਿਹਤਯਾਬ ਹੋ ਕੇ ਹਸਪਤਾਲ ਤੋਂ ਘਰ ਪਰਤ ਆਏ ਅਤੇ ਇਸ ਸਮੇਂ ਇਕਾਂਤਵਾਸ ’ਚ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਅਕਾਲ ਪੁਰਖ ਦੀ ਮੇਹਰ ਅਤੇ ਹਲਕੇ ਦੇ ਲੋਕਾਂ ਦੀਆਂ ਦੁਆਵਾਂ ਸਦਕਾ ਉਨ੍ਹਾਂ ਇਸ ਬਿਮਾਰੀ ਨੂੰ ਮਾਤ ਦਿੱਤੀ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ’ਚ ਕਰੋਨਾ ਦੇ ਵਧ ਰਹੇ ਮਾਮਲੇ ਬਹੁਤ ਚਿੰਤਾ ਦਾ ਵਿਸ਼ਾ ਹੈ, ਇਸ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਵਿਧਾਇਕ ਢਿੱਲੋਂ ਨੇ ਬਿਮਾਰੀ ਦੌਰਾਨ ਹਸਪਤਾਲ ’ਚ ਗੁਜ਼ਾਰੇ ਆਪਣੇ ਕੌੜੇ ਪਲ ਸਾਂਝੇ ਕਰਦਿਆਂ ਦੱਸਿਆ ਕਿ ਮੁਸ਼ਕਲ ਘੜੀ ਸੀ ਜੋ ਕਿ ਪ੍ਰਮਾਤਮਾ ਦੇ ਆਸ਼ੀਰਵਾਦ ਸਦਕਾ ਟਲ ਗਈ ਅਤੇ ਜਲਦੀ ਹੀ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਲੋਕ ਸੇਵਾ ’ਚ ਜੁਟ ਜਾਣਗੇ।  ਵਿਧਾਇਕ ਢਿੱਲੋਂ ਨੇ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਮਾਛੀਵਾੜਾ ’ਚ 5 ਹੋਰ ਪਾਜ਼ੇਟਿਵ

ਮਾਛੀਵਾੜਾ (ਪੱਤਰ ਪ੍ਰੇਰਕ): ਮਾਛੀਵਾੜਾ ਸ਼ਹਿਰ ’ਚ ਅੱਜ ਇੱਕ ਹੋਰ ਆੜ੍ਹਤੀ ਦੇ ਤਿੰਨ ਪਰਿਵਾਰਕ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ। ਜਾਣਕਾਰੀ ਅਨੁਸਾਰ ਆੜ੍ਹਤੀ ਦੇ ਪਰਿਵਾਰਕ ਮੈਂਬਰਾਂ ਨੇ  ਪ੍ਰਾਈਵੇਟ ਤੌਰ ’ਤੇ ਕਰੋਨਾ ਟੈਸਟ ਕਰਵਾਏ ਗਏ ਸਨ ਜਿਨ੍ਹਾਂ ’ਚੋਂ 3 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ ਕੁਹਾੜਾ ਰੋਡ ’ਤੇ ਸਥਿਤ ਮਾਲਵਾ ਚੌਕ ਇੱਕ ਲੜਕੀ ਅਤੇ ਪਾਲਮਾਜਰਾ ਦਾ ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਆਇਆ। ਮਾਛੀਵਾੜਾ ਇਲਾਕੇ ’ਚ ਹੁਣ ਤੱਕ 35 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All