ਨਵੀਂ ਦਿੱਲੀ, 6 ਮਈ
ਅੱਠ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਤੇ ਯੂਰਪੀ ਯੂਨੀਅਨ ਉਤਸ਼ਾਹੀ ਅਤੇ ਵਿਆਪਕ ਮੁਫ਼ਤ ਵਪਾਰ ਸਮਝੌਤੇ ਬਾਰੇ ਗੱਲਬਾਤ ਮੁੜ ਸ਼ੁਰੂ ਕਰਨ ਜਾ ਰਹੇ ਹਨ ਅਤੇ ਗੱਲਬਾਤ ਸ਼ੁਰੂ ਹੋਣ ਸਬੰਧੀ ਰਸਮੀ ਐਲਾਨ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 27 ਦੇਸ਼ਾਂ ਦੇ ਸਮੂਹ ਦੀ ਸਿਖ਼ਰਲੀ ਲੀਡਰਸ਼ਿਪ ਵਿਚਾਲੇ ਹੋਣ ਵਾਲੇ ਵਰਚੁਅਲ ਸੰਮੇਲਨ ਦੌਰਾਨ ਕੀਤੇ ਜਾਣ ਦੀ ਆਸ ਹੈ। ਯੂਰਪੀ ਯੂਨੀਅਨ ਦੇ ਦਫ਼ਤਰੀ ਸੂਤਰਾਂ ਨੇ ਕਿਹਾ ਕਿ ਮੁਫ਼ਤ ਵਪਾਰ ਸਮਝੌਤਾ ਪੈਕੇਜ ਵਿਚ ਨਿਵੇਸ਼ ਸੁਰੱਖਿਆ ਸਮਝੌਤੇ ਤੋਂ ਇਲਾਵਾ ਭੂਗੋਲਿਕ ਸੂਚਕ ਅੰਕ ਢਾਂਚਾ ਵੀ ਸ਼ਾਮਲ ਹੋਵੇਗਾ। ਜੂਨ 2007 ਵਿਚ ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਮੁਫ਼ਤ ਵਪਾਰ ਸਮਝੌਤੇ ਸਬੰਧੀ ਸ਼ੁਰੂ ਹੋਈ ਗੱਲਬਾਤ ਮਈ 2013 ਵਿਚ ਬੰਦ ਹੋ ਗਈ ਸੀ ਜਦੋਂ ਦੋਵੇਂ ਦੇਸ਼ ਫੀਸ, ਆਈਟੀ ਸੈਕਟਰ ਲਈ ਡੇਟਾ ਦੀ ਸੁਰੱਖਿਆ ਸਬੰਧੀ ਸਥਿਤੀ ਅਤੇ ਬਾਜ਼ਾਰ ’ਚ ਪਹੁੰਚ ਵਰਗੇ ਕਈ ਅਹਿਮ ਮੁੱਦਿਆਂ ’ਤੇ ਵਿਚਾਰਕ ਪਾੜੇ ਨੂੰ ਪੂਰਨ ਵਿਚ ਨਾਕਾਮ ਰਹੇ ਸਨ। -ਪੀਟੀਆਈ