ਸਿਮਰਜੀਤ ਗਰੇਵਾਲ
‘ਕੋਕੋ’ ਤੇ ‘ਬਾਓ’ ਉਹ ਅਣਦਿਖ ਪਾਤਰ ਹਨ ਜੋ ਸਾਡੇ ਲੋਕ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ। ਬੇਸ਼ੱਕ ਇਹ ਕਿਸੇ ਨੇ ਅੱਜ ਤਕ ਦੇਖੇ ਨਹੀਂ ਹਨ, ਪਰ ਲੋਕ ਜੀਵਨ ਵਿਚ ਇਨ੍ਹਾਂ ਦੀ ਭਰਵੀਂ ਹਾਜ਼ਰੀ ਲੱਗਦੀ ਰਹਿੰਦੀ ਹੈ। ਭਾਵੇਂ ਪੜ੍ਹੇ ਲਿਖੇ ਸ਼ਹਿਰੀ ਤਬਕੇ ਵਿਚ ਇਨ੍ਹਾਂ ਪਾਤਰਾਂ ਦੀ ਹੋਂਦ ਤਕਰੀਬਨ ਖ਼ਤਮ ਹੋ ਗਈ ਹੈ, ਪਰ ਪਿੰਡਾਂ ਵਿਚ ਇਹ ਹਾਲੇ ਵੀ ਜੀਵਤ ਹਨ। ਜੇ ਛੋਟਾ ਬੱਚਾ ਕੋਈ ਐਸੀ ਚੀਜ਼ ਚੁੱਕ ਲਵੇ ਜਿਹੜੀ ਘਰਦਿਆਂ ਨੂੰ ਉਸਦੇ ਅਨੁਕੂਲ ਨਾ ਲੱਗੇ ਜਾਂ ਉਹ ਚੀਜ਼ ਕਿਸੇ ਹੋਰ ਦੀ ਹੋਵੇ ਤੇ ਬੱਚਾ ਉਸੇ ਚੀਜ਼ ਨੂੰ ਲੈਣ ਦੀ ਜ਼ਿੱਦ ਕਰੇ ਤਾਂ ਹੇਰ ਫੇਰ ਜਿਹਾ ਕਰਕੇ ਉਹ ਚੀਜ਼ ਬੱਚੇ ਤੋਂ ਛੁਪਾ ਦਿੱਤੀ ਜਾਂਦੀ ਹੈ ਤੇ ਉਸਨੂੰ ਆਖ ਦਿੱਤਾ ਜਾਂਦਾ ਹੈ ਕਿ ਕੋਕੋ ਲੈ ਗਈ। ਉਹ ਬੱਚਾ ਉੱਥੇ ਹੀ ਚੁੱਪ ਕਰਕੇ ਸੰਤੁਸ਼ਟ ਹੋ ਜਾਂਦਾ ਹੈ ਕਿ ਹੁਣ ਉਹ ਚੀਜ਼ ਦੁਬਾਰਾ ਨਹੀਂ ਮਿਲਣੀ। ਕੋਕੋ ਛੋਟੇ ਜਿਹੇ ਬੱਚੇ ਨਾਲ ਪੂਰੀ ਸਾਂਝ ਪਾ ਲੈਂਦੀ ਹੈ ਤੇ ਉਸਦੇ ਅਣਭੋਲ ਜਿਹੇ ਮਨ ਵਿਚ ਇਹ ਗੱਲ ਚੰਗੀ ਤਰ੍ਹਾਂ ਬੈਠ ਜਾਂਦੀ ਹੈ ਕਿ ਜੋ ਚੀਜ਼ ਕੋਕੋ ਲੈ ਜਾਂਦੀ ਹੈ, ਉਹ ਦੁਬਾਰਾ ਨਹੀਂ ਮਿਲਦੀ। ਬੱਚੇ ਨੂੰ ਅਨੁਸ਼ਾਸਨ ਦਾ ਪਹਿਲਾ ਪਾਠ ਪੜ੍ਹਾਉਣ ਵਿਚ ਕੋਕੋ ਪੂਰਾ ਯੋਗਦਾਨ ਪਾਉਂਦੀ ਰਹੀ ਹੈ। ਕੋਕੋ ਵੱਲੋਂ ਲਿਜਾਈ ਗਈ ਚੀਜ਼ ਲਈ ਬੱਚਾ ਕਦੇ ਜ਼ਿੱਦ ਨਹੀਂ ਕਰਦਾ। ਜਦੋਂ ਬੱਚਾ ਪੂਰੀ ਤਰ੍ਹਾਂ ਬੋਲਣ ਲੱਗ ਜਾਂਦਾ ਹੈ ਤਾਂ ਦਾਦੀਆਂ, ਨਾਨੀਆਂ ਜਾਂ ਘਰ ਦੇ ਹੋਰ ਵੱਡੇ ਜੀਅ ਉਸਨੂੰ ਬਾਤਾਂ ਸੁਣਾਉਂਦੇ ਹਨ। ਹਰ ਬਾਤ ਦੇ ਅਖੀਰ ਵਿਚ ਕਿਹਾ ਜਾਂਦਾ ਹੈ :
ਐਨੀ ਮੇਰੀ ਬਾਤ
ਉੱਤੋਂ ਪੈ ਗਈ ਰਾਤ
ਕੋਕੋ ਦੇ ਦੋ ਬੱਚੇ
ਕੋਕੋ ਦੇਖ ਦੇਖ ਨੱਚੇ
ਇੱਥੋਂ ਬੱਚੇ ਨੂੰ ਕੋਕੋ ਦੀ ਪਰਿਵਾਰਕ ਜ਼ਿੰਦਗੀ ਦੀ ਵੀ ਜਾਣਕਾਰੀ ਮਿਲ ਜਾਂਦੀ ਹੈ ਕਿ ਉਹ ਵੀ ਬਾਲ-ਬੱਚੇਦਾਰ ਹੈ ਤੇ ਸ਼ਾਇਦ ਇਨਸਾਨੀ ਬੱਚਿਆਂ ਦੀਆਂ ਚੀਜ਼ਾਂ ਉਹ ਆਪਣੇ ਦੋ ਲਾਡਲਿਆਂ ਲਈ ਹੀ ਲੈਕੇ ਜਾਂਦੀ ਹੈ।
ਕੋਕੋ ਵਰਗਾ ਹੀ ਇਕ ਹੋਰ ਪਾਤਰ ਹੈ ‘ਬਾਓ।’ ਭਾਵੇਂ ਇਸਦਾ ਕਾਰਜ ਖੇਤਰ ਕੋਕੋ ਨਾਲੋਂ ਵੱਖਰਾ ਹੈ। ਜਿੱਥੇ ਕੋਕੋ ਚੀਜ਼ਾਂ ਲੁਕਾਉਣ ਦਾ ਕੰਮ ਕਰਦੀ ਹੈ, ਉੱਥੇ ਬਾਓ ਬੱਚਿਆਂ ਨੂੰ ਥੋੜ੍ਹਾ ਜਿਹਾ ਡਰਾਉਣ ਦਾ ਕਾਰਜ ਕਰਦੀ ਹੈ। ਜੇ ਬੱਚਾ ਜ਼ਿੱਦ ਕਰੇ,ਤੰਗ ਕਰੇ, ਸ਼ਰਾਰਤ ਕਰਨ ਤੋਂ ਨਾ ਹਟੇ ਜਾਂ ਮਾਂ ਸੁਲਾਉਣਾ ਚਾਹੇ ਤੇ ਉਹ ਸੌਂ ਨਾ ਰਿਹਾ ਹੋਵੇ ਤਾਂ ਇਹੋ ਜਿਹੇ ਮੌਕਿਆਂ ’ਤੇ ਬਾਓ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਜਾਂਦਾ ਹੈ। ‘ਆ ਜਾ ਨੀਂ ਬਾਓ! ਆਹ ਲੈਜਾ ਸਾਡੇ ਭੋਲੂ ਨੂੰ ਫੜਕੇ, ਹੁਣੇ ਹੀ ਆਜਾ।’ ਜਿਉਂ ਹੀ ਇਹ ਸ਼ਬਦ ਬੱਚੇ ਦੇ ਕੰਨਾਂ ਵਿਚ ਪੈਂਦੇ ਹਨ ਤਾਂ ਉਹ ਨਾਲ ਦੀ ਨਾਲ ਸ਼ਾਂਤ ਹੋ ਜਾਂਦਾ ਹੈ। ਬਾਓ ਦਾ ਬੱਚਿਆਂ ਨਾਲ ਓਨਾ ਸੁਖਾਵਾਂ ਰਿਸ਼ਤਾ ਨਹੀਂ, ਜਿੰਨਾ ਕੋਕੋ ਦਾ ਹੈ। ਕੋਕੋ ਤੋਂ ਬੱਚੇ ਡਰਦੇ ਨਹੀਂ, ਪਰ ਬਾਓ ਤੋਂ ਡਰਦੇ ਹਨ ਤੇ ਡਰਦੇ ਮਾਰੇ ਮਾਂ ਜਾਂ ਘਰ ਦੇ ਕਿਸੇ ਵੱਡੇ ਜੀਅ ਦੀ ਗੋਦੀ ਵਿਚ ਜਾ ਵੜਦੇ ਹਨ ਤੇ ਲੁਕ ਕੇ ਬੈਠ ਜਾਂਦੇ ਹਨ। ਬਾਓ ਨੂੰ ਜਿਸ ਮਕਸਦ ਲਈ ਬੁਲਾਇਆ ਜਾਂਦਾ ਹੈ, ਉਹ ਪੂਰਾ ਹੋ ਜਾਂਦਾ ਹੈ। ਹੁਣ ਬੱਚੇ ਨੂੰ ਡਰ ਮੁਕਤ ਕਰਨ ਲਈ ਇਨ੍ਹਾਂ ਸ਼ਬਦਾਂ ਦਾ ਉਚਾਰਨ ਵੀ ਜ਼ਰੂਰੀ ਹੋ ਜਾਂਦਾ ਹੈ ‘ਨਾ ਨਾ ਨੀਂ ਬਾਓ ! ਹੁਣ ਨਾ ਆਈਂ ! ਹੁਣ ਤਾਂ ਸਾਡਾ ਭੋਲੂ ਬਹੁਤ ਸਿਆਣਾ ਬਣ ਗਿਆ, ਹੁਣ ਨੀਂ ਤੰਗ ਕਰਦਾ! ਠੀਕ ਆ, ਜੇ ਤੂੰ ਹੁਣ ਆਈ ਤਾਂ ਮਾਰਾਂਗੇ ਤੈਨੂੰ।’ ਇਸ ਤਰ੍ਹਾਂ ਬਾਓ ਵੀ ਬੱਚੇ ਨੂੰ ਅਨੁਸ਼ਾਸਨ ਦੇ ਦਾਇਰੇ ਵਿਚ ਰਹਿਣ ਦਾ ਸਬਕ ਸਿਖਾਉਂਦੀ ਹੈ।
ਇਸ ਤਰ੍ਹਾਂ ਕੋਕੋ ਤੇ ਬਾਓ ਲੋਕ ਮਨਾਂ ਵਿਚ ਵਸਦੇ ਹਨ। ਅਦਿੱਖ ਹੋਣ ਦੇ ਬਾਵਜੂਦ ਇਹ ਆਪਣਾ ਕਾਰਜ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਅੱਜ ਪੜ੍ਹਿਆ ਲਿਖਿਆ ਤਬਕਾ ਇਨ੍ਹਾਂ ਪਾਤਰਾਂ ਨੂੰ ਦਿਲ ’ਚੋਂ ਵਿਸਾਰ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਪਾਤਰਾਂ ਨਾਲ ਸਾਂਝ ਪਾਉਣ ਦੀ ਖੁੱਲ੍ਹ ਨਹੀਂ ਦੇ ਰਿਹਾ। ਕੋਕੋ ਤੇ ਬਾਓ ਦੀ ਥਾਂ ਊਨ੍ਹਾਂ ਕੋਲ ਹੋਰ ਵਿਦੇਸ਼ੀ ਪਾਤਰ ਹਨ ਤੇ ਉਹ ਆਪਣੇ ਬੱਚਿਆਂ ਦੀ ਸਾਂਝ ਉਨ੍ਹਾਂ ਪਾਤਰਾਂ ਨਾਲ ਹੀ ਪੁਆਉਣਾ ਲੋਚਦੇ ਹਨ। ਸ਼ਾਇਦ ਕੋਕੋ ਤੇ ਬਾਓ ਨੂੰ ਉਹ ਨੀਵੇਂ ਦਰਜੇ ਦੇ ਸਮਝਦੇ ਹਨ। ਅੰਗਰੇਜ਼ੀ ਰੰਗ ਵਿਚ ਰੰਗੇ ਜਾਣ ਦੇ ਜਨੂੰਨ ਨੇ ਸਾਡੇ ਲੋਕ ਸੱਭਿਆਚਾਰ ਨੂੰ ਬਹੁਤ ਢਾਹ ਲਾਈ ਹੈ। ਕੁਝ ਵੀ ਕਹੀਏ, ਕੋਕੋ ਤੇ ਬਾਓ ਦਿਲਚਸਪ ਪਾਤਰ ਹਨ। ਬੱਚੇ ਦੀ ਜ਼ਿੰਦਗੀ ਦੇ ਸ਼ੁਰੂਆਤੀ ਹਮਸਫ਼ਰ ਹਨ। ਨਾ ਵਿਚਾਰੇ ਕੋਈ ਨੁਕਸਾਨ ਪਹੁੰਚਾਉਂਦੇ ਹਨ -ਸਾਡੇ ਭੋਲੇ ਜਿਹੇ ਕੋਕੋ ਤੇ ਬਾਓ।
ਸੰਪਰਕ: 98151-98121