ਪਟਨਾ, 25 ਜੂਨ
ਕੇਂਦਰੀ ਆਰਡੀਨੈਂਸ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ‘ਤੇ ਲਾਏ ਗਏ ਤਿੱਖੇ ਦੋਸ਼ਾਂ ਨੂੰ ਹਾਲ ਹੀ ‘ਚ ਪਟਨਾ ‘ਚ ਵਿਰੋਧੀ ਧਿਰ ਦੀ ਮੀਟਿੰਗ ‘ਚ ਹਾਜ਼ਰ ਆਗੂਆਂ ‘ਚੋਂ ਕੁਝ ਨੇ ਹੀ ਸਵੀਕਾਰ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਲੰਘੇ ਸ਼ੁੱਕਰਵਾਰ ਨੂੰ ਹੋਈ ਮੀਟਿੰਗ ‘ਚ ਹਾਜ਼ਰ ਵੱਖ ਵੱਖ ਪਾਰਟੀਆਂ ਦੇ ਘੱਟੋ ਘੱਟ ਪੰਜ ਨੁਮਾਇੰਦਿਆਂ ਨੇ ਇਸ ਮੁੱਦੇ ‘ਤੇ ‘ਆਪ’ ਨਾਲ ਅਸਹਿਮਤੀ ਜ਼ਾਹਿਰ ਕੀਤੀ ਹੈ।
ਸੀਪੀਆਈ (ਐੱਮਐੱਲ) ਦੇ ਜਨਰਲ ਸਕੱਤਰ ਦੀਪਾਂਕਰ ਨੇ ਕਿਹਾ, ‘ਇਹ ਮਾੜੀ ਗੱਲ ਹੈ ਕਿ ‘ਆਪ’ ਇਸ ਮੁੱਦੇ ਨੂੰ ਦਿੱਲੀ ਤੇ ਪੰਜਾਬ ‘ਚ ਕਾਂਗਰਸ ਨਾਲ ਵਿਰੋਧ ਦੇ ਨਜ਼ਰੀਏ ਤੋਂ ਦੇਖ ਰਹੀ ਹੈ।’ ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਅਧਿਕਾਰਤ ਬਿਆਨ ‘ਚ ਇਹ ਕਹਿਣਾ ਗਲਤ ਹੈ ਕਿ ਕਾਂਗਰਸ ਨੇ ਮੀਟਿੰਗ ‘ਚ ਆਰਡੀਨੈਂਸ ਦਾ ਵਿਰੋਧ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਕਈ ਪਾਰਟੀਆਂ ਨੇ ਅਜਿਹਾ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ, ‘ਸਾਰੀਆਂ ਪਾਰਟੀਆਂ ਨੇ ਇਕਮੱਤ ਹੋ ਕੇ ਆਰਡੀਨੈਂਸ ਦਾ ਵਿਰੋਧ ਕੀਤਾ ਪਰ ‘ਆਪ’ ਲੀਡਰਸ਼ਿਪ ਨੂੰ ਇਸ ਮਸਲੇ ਨੂੰ ਵਡੇਰੇ ਸੰਦਰਭ ‘ਚ ਦੇਖਣਾ ਚਾਹੀਦਾ ਹੈ। ਇਹ ਭਾਜਪਾ ਵੱਲੋਂ ਸੰਵਿਧਾਨ ਤੇ ਸੰਘੀ ਸਿਧਾਂਤਾਂ ‘ਤੇ ਕੀਤੇ ਜਾ ਰਹੇ ਹਮਲਿਆਂ ਨਾਲ ਸਬੰਧਤ ਹੈ ਤੇ ਇਸੇ ਲਈ ਅਸੀਂ ਸਾਰਿਆਂ ਨੇ ਵਖਰੇਵੇਂ ਭੁਲਾ ਕੇ ਹੱਥ ਮਿਲਾਏ ਹਨ।’ ਉਨ੍ਹਾਂ ਕਿਹਾ ਕਿ ਉਹ ਆਪਣੇ ਜੰਮੂ ਕਸ਼ਮੀਰ ਦੇ ਦੋਸਤਾਂ ਦੀ ਸ਼ਲਾਘਾ ਕਰਦੇ ਹਨ ਜਿਨ੍ਹਾਂ ‘ਆਪ’ ਨਾਲ ਹੱਥ ਮਿਲਾਇਆ ਜਿਸ ਨੇ ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਦੇ ਬਿੱਲ ਦੇ ਹੱਕ ‘ਚ ਵੋਟ ਪਾਈ ਸੀ।
ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਕੇਂਦਰੀ ਆਰਡੀਨੈਂਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਦਾ ਵਿਰੋਧ ਕਰਨ ਸਮੇਂ ਕਾਂਗਰਸ ਵੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਹਾਜ਼ਰ ਸਾਰੀਆਂ ਪਾਰਟੀਆਂ ਇਸ ਆਰਡੀਨੈਂਸ ਦੇ ਖ਼ਿਲਾਫ਼ ਵੋਟ ਪਾਉਣਗੀਆਂ।
ਕਾਂਗਰਸ ਇਸ ਸਬੰਧੀ ਜਨਤਕ ਐਲਾਨ ਕਰਨ ਵਿੱਚ ਥੋੜ੍ਹਾ ਸਮਾਂ ਲੈ ਸਕਦੀ ਹੈ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਮੀਟਿੰਗ ‘ਚ ਆਰਡੀਨੈਂਸ ਦਾ ਮੁੱਦਾ ਉਠਾਇਆ। ਕੋਈ ਵੀ ਆਰਡੀਨੈਂਸ ਦੀ ਆਲੋਚਨਾ ਕਰਨ ਦੇ ਖ਼ਿਲਾਫ਼ ਨਹੀਂ ਹੈ। ਮੈਂ ਵੀ ਉਨ੍ਹਾਂ (ਕੇਜਰੀਵਾਲ) ਦੀ ਪਾਰਟੀ ਪ੍ਰਤੀ ਕੋਈ ਰੰਜਿਸ਼ ਨਹੀਂ ਰੱਖੀ ਜਿਸ ਨੇ ਧਾਰਾ 370 ਹਟਾਉਣ ਦੇ ਹੱਕ ‘ਚ ਵੋਟ ਪਾਈ ਸੀ ਕਿਉਂਕਿ ਮੀਟਿੰਗ ਦਾ ਏਜੰਡਾ ਵਿਰੋਧੀ ਧਿਰ ਦੀ ਏਕਤਾ ਸੀ।’ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ‘ਲੱਲਨ’ ਨੇ ਕਿਹਾ ਕਿ ਮੀਟਿੰਗ ਵਿੱਚ ਆਰਡੀਨੈਂਸ ਮੁੱਖ ਏਜੰਡਾ ਨਹੀਂ ਸੀ ਪਰ ਅਰਵਿੰਦ ਕੇਜਰੀਵਾਲ ਨਿੱਜੀ ਰਾਏ ਰੱਖਣ ਤੇ ਉਸ ‘ਤੇ ਅਮਲ ਕਰਨ ਦੇ ਹੱਕਦਾਰ ਹਨ। -ਪੀਟੀਆਈ