ਲਖਵੀਰ ਸਿੰਘ ਚੀਮਾ
ਟੱਲੇਵਾਲ, 28 ਮਈ
ਪਿੰਡ ਚੀਮਾ ਵਿੱਚ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ। ਇਸ ਕਾਰਨ ਪਿੰਡ ਦੇ ਗ਼ਰੀਬ ਲੋਕ ਪ੍ਰੇਸ਼ਾਨ ਹਨ। ਪੰਜ ਦਿਨਾਂ ਤੋਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਕੁੰਭਕਰਨੀ ਨੀਂਦ ਸੁੱਤੇ ਹਨ। ਪਿੰਡ ਵਾਸੀਆਂ ਵਲੋਂ ਇਸ ਸਮੱਸਿਆ ਤੋਂ ਜਾਣੂ ਕਰਵਾਏ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਅੱੱਜ ਪ੍ਰਭਾਵਿਤ ਲੋਕਾਂ ਵੱਲੋਂ ਵਿਭਾਗ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਵੀ ਜ਼ਾਹਰ ਕੀਤਾ ਗਿਆ।
ਇਸ ਮੌਕੇ ਸੱਤਪਾਲ ਸਿੰਘ, ਗੋਰਾ ਸਿੰਘ, ਪ੍ਰਭਦੀਪ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਕੌਰ, ਅਤੇ ਮਨਦੀਪ ਕੌਰ ਨੇ ਕਿਹਾ ਕਿ ਪੰਜ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਉਹ ਪ੍ਰੇਸ਼ਾਨ ਹਨ। ਘਰਾਂ ਵਿੱਚ ਪਸ਼ੂਆਂ ਤੇ ਖ਼ੁਦ ਨੂੰ ਨਹਾਉਣ, ਕੱਪੜੇ ਵਗੈਰਾ ਧੋਣ ਤਾਂ ਦੂਰ ਦੀ ਗੱਲ ਪੀਣ ਲਈ ਪਾਣੀ ਦੀ ਬੂੰਦ ਤਕ ਨਹੀਂ ਹੈ। ਉਹ ਗੁਆਂਢੀ ਸਮਰਸੀਬਲ ਵਾਲੇ ਘਰਾਂ ਤੋਂ ਪਾਣੀ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਬਾਰੇ ਕਈ ਵਾਰੀ ਦੱਸ ਚੁੱਕੇ ਹਨ, ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋ ਗਈ ਸੀ ਜਿਸ ਨੂੰ ਵਿਭਾਗੀ ਅਧਿਕਾਰੀਆਂ ਨੇ ਪਿੰਡ ਦੇ ਮਿਸਤਰੀ ਤੋਂ ਠੀਕ ਕਰਵਾਇਆ ਸੀ। ਪਰ ਕਈ ਮਹੀਨੇ ਬੀਤਣ ਮਗਰੋਂ ਅਜੇ ਤਕ ਮਿਸਤਰੀ ਦੇ ਪੈਸੇ ਨਹੀਂ ਦਿੱਤੇ ਗਏ। ਵਿਭਾਗ ਵੱਲੋਂ ਮਿਸਤਰੀ ਦੇ ਪੈਸੇ ਨਾ ਦਿੱਤੇ ਜਾਣ ਕਾਰਨ ਮਿਸਤਰੀ ਨੇ ਅੱਕ ਕੇ ਮੋਟਰ ਦਾ ਸਟਾਰਟਰ ਲਾਹ ਲਿਆ। ਇਸ ਕਾਰਨ ਪੰਜ ਦਿਨਾਂ ਤੋਂ ਵਾਟਰ ਵਰਕਰ ਦੀ ਮੋਟਰ ਬੰਦ ਪਈ ਹੈ ਅਤੇ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਵਿਭਾਗ ਮਿਸਤਰੀ ਦੇ ਬਣਦੇ ਪੈਸੇ ਦੇਵੇ, ਉੱਥੇ ਜਲਦ ਤੋਂ ਜਲਦ ਇਸ ਮੋਟਰ ਨੂੰ ਚਾਲੂ ਕਰ ਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।
ਨਿਰਵਿਘਨ ਪਾਣੀ ਸਪਲਾਈ ਲਈ ਲੋਕ ਬਿੱਲ ਭਰਨ: ਐੱਸਡੀਓ
ਵਿਭਾਗ ਦੇ ਐੱਸਡੀਓ ਜਤਿੰਦਰ ਸਿੰਘ ਨੇ ਕਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਅੱਜ ਹੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚੋਂ 250 ਦੇ ਕਰੀਬ ਵਾਟਰ ਵਰਕਰ ਦੇ ਕਨੈਕਸ਼ਨ ਹਨ, ਪਰ ਲੋਕਾਂ ਵੱਲੋਂ ਮਹੀਨੇ ਦਾ 50 ਰੁਪਏ ਬਿੱਲ ਵੀ ਨਹੀਂ ਭਰਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮ ਅਨੁਸਾਰ ਇਸੇ ਬਿੱਲ ਦੀ ਰਕਮ ਨਾਲ ਹੀ ਵਾਟਰ ਵਰਕਸ ਦੇ ਖ਼ਰਚੇ ਚਲਾਉਣੇ ਹੁੰਦੇ ਹਨ ਜਿਸ ਕਰ ਕੇ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ।