ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਕੇਜਰੀਵਾਲ ਸਰਕਾਰ ਦਿੱਲੀ ਦੀਆਂ ਸੜਕਾਂ ਨੂੰ ਯੂਰਪੀਅਨ ਸ਼ਹਿਰਾਂ ਦੀ ਤਰਜ਼ ‘ਤੇ ਸੁੰਦਰ ਬਣਾਉਣ ਲਈ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿੱਚ ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਨਰਵਾਣਾ ਰੋਡ ਦਾ ਸੁੰਦਰੀਕਰਨ ਕਰਨ ਲਈ ਦੂਜੇ ਪੜਾਅ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਾਜੈਕਟ ਦੇ ਦੂਜੇ ਪੜਾਅ ਵਿੱਚ ਨਰਵਾਣਾ ਰੋਡ ‘ਤੇ ਟੈਕਨਾਲੋਜੀ ਅਪਾਰਟਮੈਂਟ ਤੋਂ ਫੈਮਲੀ ਅਪਾਰਟਮੈਂਟ ਤੱਕ ਲਗਭਗ 800 ਮੀਟਰ ਦੀ ਸੜਕ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਫਿਲਹਾਲ ਮਦਰ ਡੇਅਰੀ ਤੋਂ ਟੈਕਨਾਲੋਜੀ ਅਪਾਰਟਮੈਂਟ ਤੱਕ ਸੜਕ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਲਗਭਗ ਪੂਰਾ ਹੋ ਚੁੱਕਾ ਹੈ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਨਰਵਾਣਾ ਰੋਡ ਦੇ ਪਹਿਲੇ ਪੜਾਅ ਵਿੱਚ ਸੁੰਦਰੀਕਰਨ ਦਾ ਜ਼ਿਆਦਾਤਰ ਕੰਮ ਮੁਕੰਮਲ ਕਰ ਲਿਆ ਗਿਆ ਹੈ। ਦੂਜੇ ਫੇਜ਼ ਦਾ ਕੰਮ ਪੂਰਾ ਹੋਣ ਨਾਲ ਇਹ ਸੜਕ ਪੜਪੜਗੰਜ ਦੀ ਮਸ਼ਹੂਰ ਪਛਾਣ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ‘ਤੇ ਚੱਲਦਿਆਂ ਲੋਕ ਨਿਰਮਾਣ ਵਿਭਾਗ ਦਿੱਲੀ ਦੀਆਂ ਸੜਕਾਂ ਨੂੰ ਯੂਰਪੀਅਨ ਸੜਕਾਂ ਦੀ ਤਰਜ਼ ‘ਤੇ ਸੁੰਦਰ ਬਣਾਉਣ ਲਈ ਕੰਮ ਕਰ ਰਿਹਾ ਹੈ ਅਤੇ ਦਿੱਲੀ ਭਰ ਦੀਆਂ ਸੜਕਾਂ ਨੂੰ ਨਵੀਂ ਪਛਾਣ ਦੇਵਾਂਗੇ, ਜਿਸ ਨਾਲ ਲੋਕਾਂ ਨੂੰ ਸੜਕਾਂ ‘ਤੇ ਸੈਰ ਕਰਨ ਦਾ ਇੱਕ ਸੁਹਾਵਣਾ ਅਨੁਭਵ ਮਿਲੇਗਾ। ਮੰਤਰੀ ਨੇ ਕਿਹਾ ਕਿ ਸੜਕ ਦੇ ਡਿਜ਼ਾਇਨ ਤੋਂ ਬਾਅਦ ਸੜਕ ਦੇ ਆਲੇ-ਦੁਆਲੇ ਹਰਿਆਲੀ ਵਿੱਚ ਕਾਫੀ ਵਾਧਾ ਹੋਵੇਗਾ। ਸੜਕ ਦੀ ਇੱਕ ਇੰਚ ਵੀ ਜ਼ਮੀਨ ਖਾਲੀ ਨਹੀਂ ਹੋਵੇਗੀ, ਹਰ ਥਾਂ ਘਾਹ ਲਾਇਆ ਜਾਵੇਗਾ। ਇਸ ਨਾਲ ਸੜਕ ‘ਤੇ ਧੂੜ ਪ੍ਰਦੂਸ਼ਣ ਦੀ ਸਮੱਸਿਆ ਖਤਮ ਹੋਵੇਗੀ। ਸੜਕ ਦੇ ਕਿਨਾਰੇ ਖਾਲੀ ਪਈ ਜ਼ਮੀਨ ‘ਤੇ ਗਰੀਨ ਬੈਲਟ ਜਾਂ ਘਾਹ ਲਗਾਇਆ ਜਾਵੇਗਾ ਤਾਂ ਜੋ ਹਰਿਆਲੀ ਕਾਰਨ ਸੜਕਾਂ ਸੁੰਦਰ ਦਿਖਾਈ ਦੇਣ ਅਤੇ ਧੂੜ ਪ੍ਰਦੂਸ਼ਣ ਨੂੰ ਵੀ ਖ਼ਤਮ ਕੀਤਾ ਜਾ ਸਕੇ| ਇਹ ਸਹੂਲਤਾਂ ਸੜਕ ਸੁੰਦਰੀਕਰਨ ਯੋਜਨਾ ਤਹਿਤ ਸੜਕਾਂ ‘ਤੇ ਵਿਕਸਤ ਕੀਤੀਆਂ ਜਾ ਰਹੀਆਂ ਹਨ। ਸੜਕਾਂ ਦੇ ਨਾਲ-ਨਾਲ ਫੁੱਟਪਾਥਾਂ ‘ਤੇ ਰੰਗ-ਬਰੰਗੀਆਂ ਟਾਈਲਾਂ ਲਗਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ‘ਚ ਸਹੂਲਤ ਹੋਵੇਗੀ ਤੇ ਰੁੱਖ ਲਗਾ ਕੇ ਹਰਿਆ ਭਰਿਆ ਖੇਤਰ ਵਿਕਸਿਤ ਕੀਤਾ ਜਾਵੇਗਾ। ਲੋਕਾਂ ਦੇ ਬੈਠਣ ਲਈ ਸ਼ਾਨਦਾਰ ਖੁੱਲ੍ਹੇ ਸਥਾਨ ਤਿਆਰ ਕੀਤੇ ਜਾਣਗੇ, ਰਾਤ ਵੇਲੇ ਸੜਕਾਂ ਨੂੰ ਡਿਜ਼ਾਈਨਰ ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇਗਾ ਤੇ ਲੋਕਾਂ ਦੀ ਸਹੂਲਤ ਲਈ ਜਨਤਕ ਸੁਵਿਧਾ ਕੇਂਦਰ ਬਣਾਏ ਜਾਣਗੇ। ਰੇਤ ਪੱਥਰ ਦੀ ਕਲਾ ਨਾਲ ਸੜਕਾਂ ਦੀ ਸੁੰਦਰਤਾ ਵਧੇਗੀ