ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 29 ਮਈ
ਪਿੰਡ ਕਲਾਲ ਵਾਲਾ ਦੇ ਖੇਤਾਂ ਵਿੱਚ ਵਿਛਾਈ ਜਾ ਰਹੀ ਗੈਸ ਪਾਈਪਲਾਈਨ ਦਾ ਮੁੱਖ ਜੋੜ ਲਾਉਣ ਸਮੇਂ ਕਿਸਾਨ ਅਤੇ ਗੈਸ ਪਾਈਪਲਾਈਨ ਕੰਪਨੀ ਦੇ ਅਧਿਕਾਰੀ ਉਸ ਸਮੇਂ ਆਹਮੋ-ਸਾਹਮਣੇ ਹੋ ਗਏ ਜਦੋਂ ਕਿਸਾਨਾਂ ਨੇ ਮੁਆਵਜ਼ਾ ਨਾ ਮਿਲਣ ਕਰ ਕੇ ਕੰਪਨੀ ਦਾ ਕੰਮ ਰੋਕ ਦਿੱਤਾ। ਇਸ ਸਮੇਂ ਕਿਸਾਨ ਭੋਲਾ ਸਿੰਘ ਕਲਾਲ ਵਾਲਾ, ਪੰਚ ਚੇਤ ਸਿੰਘ, ਅਮਰੀਕ ਸਿੰਘ ਅਤੇ ਜੰਟਾ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਪਨੀ ਨੇ 2020 ਵਿੱਚ ਕਲਾਲ ਵਾਲਾ, ਰਾਈਆ, ਕੌਰੇਆਣਾ, ਗਹਿਲੇਵਾਲਾ, ਮਿਰਜੇਆਣਾ ਆਦਿ ਪਿੰਡਾਂ ਦੇ ਖੇਤਾਂ ਵਿੱਚ ਜ਼ਮੀਨਦੋਜ਼ ਪਾਈਪ ਪਾਈ ਸੀ। ਇਸ ਦਾ ਮੁੱਖ ਜੋੜ ਕਲਾਲ ਵਾਲੇ ਦੇ ਕਿਸਾਨਾਂ ਹਰਬੰਸ ਸਿੰਘ ਨੰਬਰਦਾਰ, ਮੇਜਰ ਸਿੰਘ, ਗੁਰਦਾਸ ਸਿੰਘ ਆਦਿ ਦੇ ਖੇਤ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ 15 ਮਈ ਨੂੰ ਕਿਸਾਨਾਂ ਅਤੇ ਬੀਕੇਯੂ (ਉਗਰਾਹਾਂ) ਨੇ ਜਦੋਂ ਮੁਆਵਜ਼ੇ ਦੀ ਮੰਗ ਲਈ ਪਿੰਡ ਬਹਿਮਣ ਕੌਰ ਸਿੰਘ ਦੇ ਖੇਤਾਂ ਵਿੱਚ ਵਿਛਾਈ ਜਾ ਰਹੀ ਗੈਸ ਪਾਈਪਲਾਈਨ ਰੋਕ ਦਿੱਤੀ ਤਾਂ ਕਿਸਾਨਾਂ, ਕੰਪਨੀ ਅਧਿਕਾਰੀਆਂ ਤੇ ਡੀਸੀ ਬਠਿੰਡਾ ਦੀ ਹੋਈ ਮੀਟਿੰਗ ਵਿੱਚ ਪਾਈਪਲਾਈਨ ਤੋਂ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਸਮਝੌਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕੰਪਨੀ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਹੀ ਕਲਾਲ ਵਾਲਾ ਦੇ ਖੇਤਾਂ ਵਿੱਚ ਪਾਈਪਲਾਈਨ ਦਾ ਮੁੱਖ ਜੋੜ ਲਾਉਣਾ ਸ਼ੁਰੂ ਕੀਤਾ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕਰ ਕੇ ਕੰਮ ਬੰਦ ਕਰਵਾ ਦਿੱਤਾ। ਇਸ ਮੌਕੇ ਨੇੜਲੇ ਪਿੰਡਾਂ ਦੇ ਕਿਸਾਨ ਵੀ ਪਹੁੰਚ ਗਏ ਸਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕੰਪਨੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੰਦੀ ਉਦੋਂ ਤੱਕ ਉਹ ਪਾਈਪ ਦਾ ਜੋੜ ਨਹੀਂ ਲਾਉਣ ਦੇਣਗੇ।
ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਅਤੇ ਕਿਸਾਨਾਂ ਦੀ ਕਾਫ਼ੀ ਬਹਿਸਬਾਜ਼ੀ ਹੋਈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕੰਪਨੀ ਪਿਛਲੇ ਦਿਨੀਂ ਹੋਏ ਸਮਝੌਤੇ ਮੁਤਾਬਿਕ ਕਿਸਾਨਾਂ ਨੂੰ ਮੁਆਵਜ਼ਾ ਦੇ ਦੇਵੇਗੀ, ਇਸ ਲਈ ਕੰਮ ਨਾ ਰੋਕਿਆ ਜਾਵੇ। ਕਿਸਾਨਾਂ ਨੇ ਕਿਹਾ ਕਿ ਕੰਪਨੀ ਨੇ ਪਹਿਲਾਂ ਵੀ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਜੋੜ ਲਾਉਣ ਮਗਰੋਂ ਮੁਆਵਜ਼ਾ ਕੌਣ ਦੇਵੇਗਾ। ਅਖ਼ੀਰ ਦੋਵਾਂ ਧਿਰਾਂ ਨੇ ਸਹਿਮਤੀ ਨਾਲ ਮਸਲੇ ਦੇ ਹੱਲ ਲਈ 31 ਮਈ ਨੂੰ ਡੀਸੀ ਬਠਿੰਡਾ ਅਤੇ ਐੱਸਡੀਐੱਮ ਤਲਵੰਡੀ ਸਾਬੋ ਨਾਲ ਮੀਟਿੰਗ ਰੱਖੀ ਤੇ ਕੰਮ ਬੰਦ ਕਰ ਦਿੱਤਾ।