ਜਗਜੀਤ ਸਿੰਘ
ਮੁਕੇਰੀਆਂ, 29 ਮਈ
ਕੰਢੀ ਦੇ ਪਿੰਡ ਬਹਿਲੱਖਣ ਦੀ ਕਰੀਬ 321 ਏਕੜ ਪੰਚਾਇਤੀ ਜ਼ਮੀਨ ਵਿੱਚੋਂ ਪ੍ਰਸ਼ਾਸਨ ਨੇ ਕਰੀਬ 125 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਏ ਜਾਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪ੍ਰਤੱਖਦਰਸ਼ੀਆਂ ਅਨੁਸਾਰ ਪ੍ਰਸਾਸ਼ਨ ਸ਼ਾਮ ਤੱਕ ਕੇਵਲ 300 ਮੀਟਰ ਕੰਡਿਆਲੀ ਤਾਰ ਸਮੇਤ ਕਰੀਬ 40-45 ਕੁ ਏਕੜ ਜ਼ਮੀਨ ਤੋਂ ਹੀ ਨਾਜਾਇਜ਼ ਕਬਜ਼ੇ ਹਟਾ ਸਕਿਆ ਹੈ। ਇਸ ਦੌਰਾਨ ਡੀਡੀਪੀਓ ਹੁਸ਼ਿਆਰਪੁਰ ਆਪਣੀ ਏਸੀ ਗੱਡੀ ਤੋਂ ਕੁਝ ਸਮੇਂ ਲਈ ਹੀ ਬਾਹਰ ਨਿਕਲੇ ਅਤੇ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਨਾਇਬ਼ ਤਹਿਸੀਲਦਾਰ ਤਲਵਾੜਾ ਦੁਪਹਿਰ ਤੋਂ ਪਹਿਲਾਂ ਹੀ ਆਪਣੇ ਘਰ ਨੂੰ ਚਾਲੇ ਪਾ ਗਏ। ਉਂਝ ਪ੍ਰਸ਼ਾਸਨ ਨੇ ਕਰੀਬ 100 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਦਾਅਵਾ ਕਰਦਿਆਂ ਭਲਕੇ ਵੀ ਇਹ ਕਾਰਵਾਈ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਨਾਇਬ ਤਹਿਸੀਲਦਾਰ ਤਲਵਾੜਾ ਕੁਲਵਿੰਦਰ ਸਿੰਘ ਥਿੰਦ ਕਰੀਬ 11.30 ਵਜੇ ਨਿਸ਼ਾਨਦੇਹੀ ਪੱਕੇ ਪੱਥਰ ਦੀ ਥਾਂ ਪਿੰਡ ਬਹਿਮਾਵਾ ਅਤੇ ਬਹਿਲੱਖਣ ਦੇ ਸਾਂਝੇ ਪੱਥਰ ਤੋਂ ਸ਼ੁਰੂ ਕਰਵਾ ਕੇ ਵਾਪਸ ਚਲੇ ਗਏ। ਇਹ ਨਿਸ਼ਾਨਦੇਹੀ ਖੱਡਾਂ ਦਾ ਰਕਬਾ ਮਾਪਣ ਤੋਂ ਬਾਅਦ ਕਰੀਬ ਢਾਈ ਵਜੇ ਖਾਣਾ ਖਾਣ ਲਈ ਬੰਦ ਕਰ ਦਿੱਤੀ ਗਈ। ਮੁੜ ਕਰੀਬ 4 ਵਜੇ ਸ਼ੁਰੂ ਕੀਤੀ ਇਸ ਕਾਰਵਾਈ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੋਟੋ ਸੈਸ਼ਨ ਕਰਨ ਲਈ ਸੜਕ ਕਿਨਾਰੇ ਪੰਚਾਇਤੀ ਜ਼ਮੀਨ ਵਾਲੇ ਖੇਤਾਂ ਦੀ ਵਾੜ ਜੇਸੀਬੀ ਨਾਲ ਪੁੱਟਣੀ ਸ਼ੁਰੂ ਕਰ ਦਿੱਤੀ। ਜੇਸੀਬੀ ਨਾਲ 150 ਕੁ ਮੀਟਰ ਹੀ ਤਾਰਬੰਦੀ ਪੁੱਟਣ ‘ਤੇ ਲੋਕਾਂ ਪੱਖਪਾਤੀ ਕਾਰਵਾਈ ਆਖ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਟੀਮ ਨੇ ਪਿੱਛੇ ਮੁੜਦਿਆਂ ਕਰੀਬ 40 ਕੁ ਏਕੜ ਰਕਬ਼ਾ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਪੂਰੀ ਕਰਕੇ ਵਾਪਸੀ ਕਰ ਲਈ। ਪ੍ਰਤਖੱਦਰਸ਼ੀਆਂ ਅਨੁਸਾਰ ਨਾਜਾਇਜ਼ ਕਬਜ਼ੇ ਹਟਾਉਣ ਦੀ ਇਸ ਸਾਰੀ ਕਾਰਵਾਈ ਦੌਰਾਨ ਡੀਡੀਪੀਓ ਹੁਸ਼ਿਆਰਪੁਰ ਭੁਪਿੰਦਰ ਸਿੰਘ ਮੁਲਤਾਨੀ ਆਪਣੀ ਏਸੀ ਗੱਡੀ ਵਿੱਚ ਟਾਵੇਂ ਟਾਵੇਂ ਹੀ ਬਾਹਰ ਨਿਕਲੇ। ਜਦੋਂ ਕਿ ਡਿਊਟੀ ਮੈਜਿਸਟਰੇਟ ਕੁਲਵਿੰਦਰ ਥਿੰਦ ਨਿਸ਼ਾਨਦੇਹੀ ਸ਼ੁਰੂ ਕਰਵਾ ਕੇ ਵਾਪਸ ਚਲੇ ਗਏ।
ਬੀਡੀਪੀਓ ਸੁਖਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ 321 ਏਕੜ ਵਿੱਚੋਂ 125 ਏਕੜ ਜ਼ਮੀਨ ਤੋਂ ਕਬਜ਼ਾ ਹਟਾ ਲਿਆ ਗਿਆ ਹੈ ਅਤੇ ਰਹਿੰਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਇਹ ਕਾਰਵਾਈ ਨਾਜਾਇਜ਼ ਕਬਜ਼ੇ ਹਟਾਉਣ ਤੱਕ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ।
ਨਾਇਬ ਤਹਿਸੀਲਦਾਰ ਕੁਲਵਿੰਦਰ ਥਿੰਦ ਨੇ ਕਿਹਾ ਕਿ ਕਾਰਵਾਈ ਅਮਨ ਅਮਾਨ ਨਾਲ ਚੱਲਦੀ ਹੋਣ ਕਾਰਨ ਉਹ ਘਰ ਆ ਗਏ ਸਨ ਅਤੇ ਉਨ੍ਹਾਂ ਨੂੰ ਨਾਜਾਇਜ਼ ਕਬਜ਼ੇ ਹੇਠੋਂ ਛੁਡਾਈ ਜ਼ਮੀਨ ਦੀ ਅਸਲ ਜਾਣਕਾਰੀ ਹਾਲੇ ਨਹੀਂ ਮਿਲੀ।