ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 1 ਜੂਨ
ਕੇਂਦਰੀ ਦਿੱਲੀ ਵਿੱਚ ਚੱਲ ਰਹੀ ਕਬਜ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਅਧਿਕਾਰੀਆਂ ਨੇ ਪ੍ਰਗਤੀ ਮੈਦਾਨ ਨੇੜੇ 55 ਝੁੱਗੀਆਂ-ਝੌਂਪੜੀਆਂ ਨੂੰ ਢਾਹ-ਢੇਰੀ ਕਰ ਦਿੱਤਾ ਅਤੇ ਇਸ ਦੌਰਾਨ 40 ਤੋਂ ਵੱਧ ਘਰ ਬੇਘਰ ਹੋ ਗਏ ਹਨ। ਜਾਣਕਾਰੀ ਅਨੁਸਾਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ ਵਿੱਚ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਇਸ ਸਾਲ ਦੇ ਅੰਤ ਵਿੱਚ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ਦੀ ਤਿਆਰੀ ਲਈ ਰਾਸ਼ਟਰੀ ਰਾਜਧਾਨੀ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਪ੍ਰਗਤੀ ਮੈਦਾਨ ਦੇ ਨੇੜੇ ਭੈਰੋਂ ਮਾਰਗ ‘ਤੇ ਸਥਿਤ ਕਈ ਝੌਂਪੜੀਆਂ ਨੂੰ ਹਟਾਇਆ ਗਿਆ। ਇਸ ਮੌਕੇ ਦਿੱਲੀ ਪੁਲੀਸ, ਡੀਡੀਏ, ਦਿੱਲੀ ਨਗਰ ਨਿਗਮ ਦੇ ਕਬਜ਼ਾ ਹਟਾਊ ਮਹਿਕਮੇ ਸਮੇਤ ਸਬੰਧਤ ਹੋਰ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।ਲੋਕਾਂ ਨੇ ਕਿਹਾ ਿਕ ਤੜਕਸਾਰ ਕਰੀਬ ਚਾਰ ਵਜੇ ਜੇਸੀਬੀ ਦੀ ਤੇਜ਼ ਆਵਾਜ਼ ਆਉਣ ਤੋਂ ਬਾਅਦ ਉਨ੍ਹਾਂ ਦੀ ਅੱਖ ਖੁੱਲ੍ਹੀ ਅਤੇ ਦੇਖਿਆ ਕਿ ਉਨ੍ਹਾਂ ਦੇ ਘਰਾਂ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਕਈ ਮਹੀਨਿਆਂ ਤੋਂ ਨਾਜਾਇਜ਼ ਕਬਜ਼ੇ ਵਾਲੀਆਂ ਉਪਰ ਨੋਟਿਸ ਚਿਪਕਾਏ ਗਏ ਜਾਂ ਮੁਨਾਦੀ ਕਰਵਾ ਕੇ ਲੋਕਾਂ ਨੂੰ ਸਰਕਾਰੀ ਥਾਵਾਂ ਤੋਂ ਹਟ ਜਾਣ ਲਈ ਕਿਹਾ ਜਾਂਦਾ ਰਿਹਾ ਹੈ। ਨਵੀਂ ਦਿੱਲੀ ਨਗਰ ਪ੍ਰੀਸ਼ਦ ਦੇ ਇਲਾਕਿਆਂ ਵਿੱਚ ਵੀ ਝੁੱਗੀਆਂ ਬਣਾ ਕੇ ਬੈਠੇ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ।
ਇਨ੍ਹਾਂ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਦੇ ਲੋਕਾਂ ਦੇ ਚਿਹਰੇ ਮੁਰਝਾਏ ਪਏ ਸਨ। ਬੱਚੇ ਪ੍ਰੇਸ਼ਾਨ ਹੋ ਗਏ ਸਨ ਤੇ ਸੜਕ ਕੰਢੇ ਆਪਣੇ ਸਾਮਾਨ ਸਮੇਟਣ ਲੱਗੇ ਹੋਏ ਸਨ। ਇਸ ਦੇ ਨਾਲ ਹੀ ਦੱਖਣੀ ਦਿੱਲੀ ਦੇ ਤੁਗਲਕਾਬਾਦ, ਉੱਤਰੀ ਪੂਰਬੀ ਦਿੱਲੀ ਦੇ ਜਹਾਂਗੀਰਪੁਰੀ, ਨਿਜ਼ਾਮੂਦੀਨ ਦੇ ਇਲਾਕੇ ਤੇ ਪੱਛਮੀ ਦਿੱਲੀ ਵਿੱਚ ਬੀਤੇ ਕਈ ਮਹੀਨਿਆਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ।