ਪੱਤਰ ਪ੍ਰੇਰਕ
ਤਰਨ ਤਾਰਨ, 27 ਅਕਤੂਬਰ
ਇਥੋਂ ਦੀ ਦੀਪ ਐਵਨਿਊ ਦੀ ਗਲੀ ਨੰਬਰ ਤਿੰਨ ਦੇ ਵਾਸੀ ਨਿਤਿਨ ਕੁਮਾਰ ਉਰਫ ਮੋਨੂੰ (34) ਨੇ ਅੱਜ ਆਪਣੇ ਘਰ ਦੀ ਪਹਿਲੀ ਮੰਜ਼ਿਲ ਦੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ| ਉਹ ਕਾਰਾਂ ਦੀ ਖਰੀਦ-ਵੇਚ ਦਾ ਕੰਮ ਕਰਦਾ ਸੀ| ਉਸ ਦੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨਾਲ ਤਨਾਅ ਵਾਲੇ ਸਬੰਧ ਚਲ ਰਹੇ ਸਨ| ਮ੍ਰਿਤਕ ਨਿਤਿਨ ਕੁਮਾਰ ਦੇ ਇਕ ਕਰੀਬੀ ਰਿਸ਼ਤੇਦਾਰ ਸਾਗਰ ਨੇ ਦੱਸਿਆ ਨਿਤਿਨ ਦੀ ਪਤਨੀ ਗੁਰਵਿੰਦਰ ਕੌਰ ਤਾਨੀਆ ਨਸ਼ੇ ਕਰਨ ਦੀ ਆਦੀ ਸੀ ਅਤੇ ਉਹ ਆਪਣੀ 10 ਸਾਲ ਦੀ ਲੜਕੀ ਤੋਂ ਨਸ਼ਾ ਮੰਗਵਾਉਂਦੀ ਹੁੰਦੀ ਸੀ| ਤਾਨੀਆ ਨੇ ਅੱਜ ਆਪਣੇ ਪਿਤਾ ਵਿਕਰਮਜੀਤ ਸਿੰਘ, ਮਾਤਾ ਰਜਨੀ, ਭਰਾ ਵਿਸ਼ਾਲ ਅਤੇ ਦੀਪ ਨੂੰ ਇਥੇ ਬੁਲਾ ਕੇ ਆਪਣੇ ਪਤੀ ਨਿਤਿਨ ਕੁਮਾਰ ਨੂੰ ਥਾਣਾ ਸਿਟੀ ਦੀ ਪੁਲੀਸ ਕੋਲ ਝੂਠੀ ਸ਼ਿਕਾਇਤ ਕਰਕੇ ਫੜਾ ਦਿੱਤਾ| ਇਸ ਮਗਰੋਂ ਨਿਤਿਨ ਨੇ ਘਰ ਆ ਕੇ ਫਾਹਾ ਲੈ ਲਿਆ| ਪਰਿਵਾਰ ਨੇ ਇਸ ਦੀ ਜਾਣਕਾਰੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਦਿੱਤੀ| ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏ ਐਸ ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਨਿਤਿਨ ਕੁਮਾਰ ਦੀ ਵਿਧਵਾ ਗੁਰਵਿੰਦਰ ਕੌਰ, ਉਸ ਦੀ ਮਾਤਾ ਰਜਨੀ, ਪਿਤਾ ਵਿਕਰਮਜੀਤ ਸਿੰਘ, ਭਰਾ ਵਿਸ਼ਾਲ ਅਤੇ ਦੀਪ ਖ਼ਿਲਾਫ਼ ਦਫ਼ਾ 108 (3), 5 ਬੀਐਨਐੱਸ ਅਧੀਨ ਇਕ ਕੇਸ ਦਰਜ ਕੀਤਾ ਹੈ| ਨਿਤਿਨ ਦੀ ਲੜਕੀ ਨੇ ਦੱਸਿਆ ਕਿ ਉਸ ਦੀ ਮਾ ਗੁਰਵਿੰਦਰ ਕੌਰ, ਨਾਨਾ, ਨਾਨੀ ਅਤੇ ਦੋਵੇਂ ਮਾਮੇ ਉਸ ਦੇ ਪਿਤਾ ਦੀ ਕੁੱਟਮਾਰ ਕਰਦੇ ਸਨ ਤੇ ਮਾਂ ਉਸ ਨੂੰ ਮਾਰਦੀ ਸੀ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਨੂੰ ਕਾਬੂ ਨਾ ਕੀਤੇ ਜਾਣ ਤੱਕ ਲਾਸ਼ ਦਾ ਸਸਕਾਰ ਨਾ ਕਰਨ ਵੀ ਚਿਤਾਵਨੀ ਦਿੱਤੀ ਹੈ|