ਕੰਨੂਰ, 24 ਅਪਰੈਲ
ਭਾਰਤੀਆਂ ਦੀਆਂ ਕਈ ਪੀੜ੍ਹੀਆਂ ਨੂੰ ਆਪਣੀ ਜੈਮਿਨੀ ਸਰਕਸ ਰਾਹੀਂ ਮੰਤਰ ਮੁਗਧ ਕਰਨ ਵਾਲੇ ਜੈਮਿਨੀ ਸ਼ੰਕਰਨ ਦਾ ਇੱਥੇ ਐਤਵਾਰ ਰਾਤ ਕੇਰਲਾ ਦੇ ਕੁੰਨੂਰ ਵਿਚ ਦੇਹਾਂਤ ਹੋ ਗਿਆ। ਉਹ 99 ਵਰ੍ਹਿਆਂ ਦੇ ਸਨ। ਦੱਸਣਯੋਗ ਹੈ ਕਿ ਆਪਣੇ ਜ਼ਮਾਨੇ ਦੀ ਮਸ਼ਹੂਰ ਜੈਮਿਨੀ ਸਰਕਸ ਵਿਚ ਮਨੁੱਖਾਂ ਤੇ ਜਾਨਵਰਾਂ ਦੇ ਹੈਰਤਅੰਗੇਜ਼ ਕਰਤੱਬ ਦਿਖਾਏ ਜਾਂਦੇ ਸਨ। ਕਈ ਕਰਤੱਬਾਂ ਵਿਚ ਜਾਨਵਰ ਤੇ ਮਨੁੱਖ ਦੋਵੇਂ ਇਕੱਠੇ ਹਿੱਸਾ ਲੈਂਦੇ ਸਨ। ਵਡੇਰੀ ਉਮਰ ਕਾਰਨ ਸ਼ੰਕਰਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਤੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਭਾਰਤੀ ਸਰਕਸ ਸਨਅਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸ਼ੰਕਰਨ ਦਾ ਜਨਮ ਕੁੰਨੂਰ ਜ਼ਿਲ੍ਹੇ ਦੇ ਕੋਲਾਸੇਰੀ ਪਿੰਡ ਵਿਚ 1924 ‘ਚ ਹੋਇਆ ਸੀ। ਉਨ੍ਹਾਂ ਤਿੰਨ ਸਾਲ ਉੱਘੇ ਸਰਕਸ ਕਲਾਕਾਰ ਕਿਲੇਰੀ ਕੁਨ੍ਹੀਕੰਨਨ ਤੋਂ ਸਿਖ਼ਲਾਈ ਲਈ। ਮਗਰੋਂ ਉਹ ਫ਼ੌਜ ਵਿਚ ਸ਼ਾਮਲ ਹੋ ਗਏ ਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਸੇਵਾਮੁਕਤ ਹੋਏ। ਇਸ ਮਗਰੋਂ ਸ਼ੰਕਰਨ ਐਮਕੇ ਰਮਨ ਦੇ ਸਰਕਸ ਸਕੂਲ ਵਿਚ ਸ਼ਾਮਲ ਹੋ ਗਏ। ਪੂਰੇ ਮੁਲਕ ‘ਚ ਕਈ ਸਰਕਸ ਗਰੁੱਪਾਂ ਨਾਲ ਕੰਮ ਕਰਨ ਮਗਰੋਂ ਉਨ੍ਹਾਂ ਸੰਨ 1951 ਵਿਚ ਛੇ ਹਜ਼ਾਰ ਰੁਪਏ ਵਿਚ ਵਿਜਯਾ ਸਰਕਸ ਕੰਪਨੀ ਨੂੰ ਖ਼ਰੀਦ ਲਿਆ ਤੇ ਇਸੇ ਨੂੰ ਜੈਮਿਨੀ ਸਰਕਸ ਦਾ ਨਾਂ ਦਿੱਤਾ। ਸੰਨ 1964 ਵਿਚ ਸਾਬਕਾ ਸੋਵੀਅਤ ਯੂਨੀਅਨ ਜਾਣ ਵਾਲੇ ਭਾਰਤ ਦੇ ਪਹਿਲੇ ਸਰਕਸ ਵਫ਼ਦ ਦੀ ਅਗਵਾਈ ਵੀ ਸ਼ੰਕਰਨ ਨੇ ਕੀਤੀ ਸੀ। ਮਗਰੋਂ ਸ਼ੰਕਰਨ ਨੇ ਜੰਬੋ ਸਰਕਸ ਵੀ ਸ਼ੁਰੂ ਕੀਤੀ। ਸ਼ੰਕਰਨ ਦੇ ਦੇਹਾਂਤ ‘ਤੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਅਫ਼ਸੋਸ ਜ਼ਾਹਿਰ ਕੀਤਾ ਹੈ। -ਪੀਟੀਆਈ