ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਇੱਥੇ ਮਿਉਂਸਿਪਲ ਟਾਊਨ ਪਲਾਨਿੰਗ ਵਿੰਗ ਵੱਲੋਂ ਲਾਰੈਂਸ ਰੋਡ ‘ਤੇ ਬਣੇ ਨਾਜਾਇਜ਼ ਸ਼ੈੱਡ ਨੂੰ ਢਾਹ ਦਿੱਤਾ ਗਿਆ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਅਨੁਸਾਰ ਨਗਰ ਨਿਗਮ ਦੇ ਟਾਊਨ ਪਲਾਨਰ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਬਿਲਡਿੰਗ ਇੰਸਪੈਕਟਰ ਅੰਗਦ ਸਿੰਘ, ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ ਅਤੇ ਸਬੰਧਤ ਅਮਲੇ ਦੀ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਲਾਰੈਂਸ ਰੋਡ ‘ਤੇ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਸਾਹਮਣੇ ਕਿਸੇ ਵਿਅਕਤੀ ਵੱਲੋਂ ਸ਼ਰਾਬ ਦੇ ਠੇਕੇ ਦੀ ਦੁਕਾਨ ਬਣਾਈ ਜਾ ਰਹੀ ਸੀ। ਐਮਟੀਪੀ ਦੀ ਟੀਮ ਨੇ ਇੱਥੇ ਇਮਾਰਤੀ ਕਾਨੂੰਨ ਦੀ ਉਲੰਘਣਾ ਦਾ ਮਾਮਲਾ ਪਾਇਆ ਹੈ ਅਤੇ ਨਾਜਾਇਜ਼ ਸ਼ੈੱਡ ਵਿਰੁੱਧ ਕਾਰਵਾਈ ਕੀਤੀ। ਡਿੱਚ ਮਸ਼ੀਨ ਨਾਲ ਇਸ ਢਾਂਚੇ ਨੂੰ ਢਾਹ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਬਸੰਤ ਐਵੇਨਿਊ ਇਲਾਕੇ ਵਿੱਚ ਇੱਕ ਮਕਾਨ ਵਿਚ ਉਸਾਰੀ ਅਧੀਨ ਕਮਰਸ਼ੀਅਲ ਬਿਲਡਿੰਗ ਨੂੰ ਵੀ ਐਮਸੀ ਦੇ ਐਮਟੀਪੀ ਵਿੰਗ ਨੇ ਡਿੱਚ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਅਗਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ। ਨਗਰ ਨਿਗਮ ਨੇ ਸ਼ਹਿਰ ਵਿੱਚ ਅਜਿਹੀਆਂ ਨਾਜਾਇਜ ਉਸਾਰੀਆਂ ਦੀ ਨਿਸ਼ਾਨਦੇਹੀ ਕੀਤੀ ਹੈ।