ਨਵੀਂ ਦਿੱਲੀ, 3 ਮਈ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਸ ਹਫ਼ਤੇ ਗੈਰੀ ਕ੍ਰਿਸਟਨ ਅਤੇ ਜੇਸਨ ਗਿਲਿਸਪੀ ਨੂੰ ਕ੍ਰਮਵਾਰ ਵ੍ਹਾਈਟ-ਬਾਲ ਅਤੇ ਰੈੱਡ-ਬਾਲ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਦੋ ਸਾਲ ਲਈ ਨਿਯੁਕਤ ਕੀਤਾ ਹੈ। ਹਾਲਾਂਕਿ ਦੋਵਾਂ ਦੀ ਨਿਯੁਕਤੀ ਦੇ ਸਮੇਂ ਨੇ ਕ੍ਰਿਕਟ ਦੀਆਂ ਸਫ਼ਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਆਈਸੀਸੀ ਟੀ20 ਵਿਸ਼ਵ ਕੱਪ ਕੁੱਝ ਦਿਨ ਹੀ ਦੂਰ ਹੈ। ਪਾਕਿਸਤਾਨ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਰਾਸ਼ਿਦ ਲਤੀਫ਼ ਨੇ ਵੀ ਦੇਰ ਨਾਲ ਹੋਈਆਂ ਨਿਯੁਕਤੀਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ‘‘ਗੈਰੀ ਕ੍ਰਿਸਟਨ ਭਾਰਤ ਲਈ ਇੱਕ ਸਫ਼ਲ ਕੋਚ ਰਹੇ ਹਨ ਪਰ ਉਨ੍ਹਾਂ ਦੀ ਨਿਯੁਕਤੀ ਦਾ ਸਮਾਂ ਗਲਤ ਹੈ। ਪਾਕਿਸਤਾਨ ਵਿੱਚ ਜੋ ਸਮੱਸਿਆ ਹਮੇਸ਼ਾ ਪੈਦਾ ਹੁੰਦੀ ਹੈ, ਉਹ ਸਮਾਂ ਹੈ। ਅਗਲੇ ਮਹੀਨੇ ਅਸੀਂ ਵਿਸ਼ਵ ਕੱਪ ਖੇਡਣ ਜਾ ਰਹੇ ਹਾਂ, ਜਿੱਥੇ ਅਸੀਂ ਸੱਤ ਮੈਚ ਖੇਡ ਰਹੇ ਹਾਂ ਤੇ ਸਮਾਂ ਬਹੁਤ ਘੱਟ ਹੈ। ਜੇਕਰ ਉਹ ਹਾਰਦੇ ਹਨ ਤਾਂ ਬੋਰਡ ਕ੍ਰਿਸਟਨ ਜਾਂ ਬਾਬਰ ਆਜ਼ਮ ਨੂੰ ਜ਼ਿੰਮੇਵਾਰ ਠਹਿਰਾਵੇਗਾ। ਇਹ ਸਾਡੀ ਪਰੰਪਰਾ ਹੈ। ਮੈਂ ਬਾਬਰ ਜਾਂ ਕ੍ਰਿਸਟਨ ਨੂੰ ਦੋਸ਼ੀ ਨਹੀਂ ਠਹਿਰਾਵਾਂਗਾ।’’ -ਆਈਏਐੱਨਐੱਸ