ਤਲ ਅਵੀਵ, 1 ਮਈ
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਅਤੇ ਹਮਾਸ ਨੂੰ ਗੋਲੀਬੰਦੀ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਸਮਝੌਤੇ ਲਈ ਇਹ ਢੁੱਕਵਾਂ ਸਮਾਂ ਹੈ। ਉਨ੍ਹਾਂ ਇਜ਼ਰਾਇਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਮੀਟਿੰਗ ਦੌਰਾਨ ਕਿਹਾ ਕਿ ਬੰਦੀਆਂ ਦੀ ਰਿਹਾਈ ਅਤੇ ਗਾਜ਼ਾ ’ਚ ਕਰੀਬ ਸੱਤ ਮਹੀਨਿਆਂ ਤੋਂ ਜਾਰੀ ਜੰਗ ਰੋਕਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਬਲਿੰਕਨ ਨੇ ਕਿਹਾ ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਹਮਾਸ ਦੀ ਹੋਵੇਗੀ। ਬਲਿੰਕਨ ਜੰਗ ਸ਼ੁਰੂ ਹੋਣ ਤੋਂ ਬਾਅਦ ਸੱਤਵੀਂ ਵਾਰ ਖ਼ਿੱਤੇ ਦੇ ਦੌਰੇ ’ਤੇ ਆਏ ਹਨ। ਉਹ ਇਜ਼ਰਾਇਲੀ ਆਗੂਆਂ ਨਾਲ ਮਿਲ ਕੇ ਉਨ੍ਹਾਂ ਨੂੰ ਜੰਗਬੰਦੀ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕਰਨਗੇ। ਬਲਿੰਕਨ ਨੇ ਕਿਹਾ ਕਿ ਸਮਝੌਤੇ ਨਾਲ ਗਾਜ਼ਾ ’ਚ ਭੋਜਨ, ਦਵਾਈਆਂ ਅਤੇ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਉਹ ਹਮਾਸ ਵੱਲੋਂ ਫੜੇ ਗਏ ਅਮਰੀਕੀਆਂ ਦੇ ਪਰਿਵਾਰਾਂ ਨਾਲ ਵੀ ਮਿਲੇ। ਹੋਟਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕੋਲ ਬੰਦੀਆਂ ਦੀ ਰਿਹਾਈ ਦਾ ਮਾਮਲਾ ਚੁੱਕਣ। -ਏਪੀ