ਚੇਂਗਡੂ (ਚੀਨ), 29 ਅਪਰੈਲ
ਸਾਬਕਾ ਚੈਂਪੀਅਨ ਭਾਰਤ ਨੇ ਇੰਗਲੈਂਡ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਬੈਡਮਿੰਟਨ ਦੇ ਕੁਆਰਟਰ ਫਾਈਨਲ ਵਿੱਚ ਕਦਮ ਧਰ ਲਿਆ ਹੈ। ਭਾਰਤ ਨੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 4-1 ਨਾਲ ਹਰਾਇਆ ਸੀ। ਐੱਚਐੱਸ ਪ੍ਰਣੌਏ ਨੇ ਹੈਰੀ ਹੁਆਂਗ ਨੂੰ 21-15, 21-15 ਨਾਲ ਹਰਾ ਕੇ ਭਾਰਤ ਨੂੰ ਲੀਡ ਦਵਾਈ। ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਬੇਨ ਲੇਨ ਤੇ ਸੀਨ ਵੈਂਡੀ ਨੂੰ ਡਬਲਜ਼ ਮੁਕਾਬਲੇ ਵਿੱਚ 21-17, 19-21, 21-15 ਨਾਲ ਹਰਾਇਆ। ਦੁਨੀਆ ਦੇ ਸਾਬਕਾ ਨੰਬਰ ਇੱਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਨਦੀਮ ਦਲਵੀ ਨੂੰ 21-16, 21-11 ਨਾਲ ਹਰਾ ਕੇ ਭਾਰਤ ਨੂੰ 3-0 ਨਾਲ ਲੀਡ ਦਵਾਈ। ਦੂਜੀ ਡਬਲਜ਼ ਟੀਮ ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਨੇ ਰੋਰੀ ਈਸਟਨ ਅਤੇ ਅਲੈਕਸ ਗਰੀਨ ਨੂੰ 21-17, 21-19 ਨਾਲ ਹਰਾਇਆ। ਆਖ਼ਰੀ ਮੈਚ ਵਿੱਚ ਕਿਰਨ ਜਾਰਜ ਨੇ ਚੋਲਾਨ ਕਾਯਾਨ ਨੂੰ 21-18, 21-12 ਨਾਲ ਹਰਾਇਆ। ਭਾਰਤ ਦਾ ਸਾਹਮਣਾ ਆਖ਼ਰੀ ਗਰੁੱਪ ਮੈਚ ਵਿੱਚ ਇੰਡੋਨੇਸ਼ੀਆ ਨਾਲ ਹੋਵੇਗਾ। -ਪੀਟੀਆਈ