ਅਮੇਠੀ: ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਅੱਜ ਅਮੇਠੀ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਰਾਨੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਹੋਰ ਨੇਤਾਵਾਂ ਨਾਲ ਕਾਗ਼ਜ਼ ਦਾਖ਼ਲ ਕਰਨ ਤੋਂ ਪਹਿਲਾਂ ਗੈਰੀਗੰਜ ਵਿੱਚ ਭਾਜਪਾ ਦਫ਼ਤਰ ਤੋਂ ਇੱਕ ਰੋਡ ਸ਼ੋਅ ਕੱਢਿਆ। ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ ’ਤੇ ਰੋਡ ਸ਼ੋਅ ਨੂੰ ਕੁਲੈਕਟੋਰੇਟ ਤੋਂ ਕਰੀਬ 200 ਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ, ਜਿੱਥੋਂ ਇਰਾਨੀ ਕਾਗ਼ਜ਼ ਦਾਖ਼ਲ ਕਰਨ ਗਈ। ਰੋਡ ਸ਼ੋਅ ਵਿੱਚ ਉੱਤਰ ਪ੍ਰਦੇਸ਼ ਦੇ ਮੰਤਰੀ ਮਯੰਕੇਸ਼ਵਰ ਸ਼ਰਨ ਸਿੰਘ ਅਤੇ ਇਰਾਨੀ ਦੇ ਪਤੀ ਜੁਬਿਨ ਇਰਾਨੀ ਵੀ ਸ਼ਾਮਲ ਹੋਏ। ਸਮ੍ਰਿਤੀ ਇਰਾਨੀ ਨੇ ਪਿਛਲੀਆਂ ਲੋਕ ਸਭਾ ਚੋਣਾਂ 2019 ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਹਰਾ ਕੇ ਗਾਂਧੀ ਪਰਿਵਾਰ ਅਤੇ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਅਮੇਠੀ ਸੀਟ ਜਿੱਤੀ ਸੀ। ਕਾਂਗਰਸ ਨੇ ਅਜੇ ਤੱਕ ਇਸ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। -ਪੀਟੀਆਈ