ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਅਪਰੈਲ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਤੇ ਅਦਾਕਾਰ ਹੰਸ ਰਾਜ ਹੰਸ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਪਿੰਡ ਸਲ੍ਹੀਣਾ ਵਿੱਚ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਰੱਖੇ ਚੋਣ ਜਲਸੇ ਨੂੰ ਸੰਬੋਧਨ ਕੀਤਾ। ਉਨ੍ਹਾਂ ਸ਼ਹਿਰ ਦੀ ਮੁੱਖ ਕੱਪੜਾ ਮਾਰਕੀਟ ਕੈਂਪ ਮਾਰਕੀਟ ਵਿਚ ਦੁਕਾਨਦਾਰਾਂ ਨਾਲ ਵੀ ਮਿਲਣੀ ਕੀਤੀ। ਇਸ ਮੌਕੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਅਤੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਭਾਜਪਾ ਉਮੀਦਵਾਰ ਲਈ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਸੰਸਦ ਮੈਂਬਰ ਬਣਨ ਮਗਰੋਂ ਮੋਗਾ ’ਚ ਆਪਣੀ ਪੱਕੀ ਰਿਹਾਇਸ਼ ਰੱਖਣਗੇ। ਇਸ ਮੌਕੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਕਿ ਉਹ ਖੇਤ ਮਜ਼ਦੂਰ ਦਾ ਪੁੱਤ ਹੋਣ ਦੇ ਨਾਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਉਨ੍ਹਾਂ ਉਤੇ ਯਕੀਨ ਕਰਕੇ ਸੰਸਦ ਵਿਚ ਭੇਜਣ ਤੇ ਉਹ ਕਿਸਾਨਾਂ ਦੀ ਆਵਾਜ਼ ਬਣਨਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਪੰਜਾਬ ’ਚ ਭਾਜਪਾ ਦਿਨ-ਪ੍ਰਤੀ-ਦਿਨ ਅੱਗੇ ਵੱਧ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਫ਼ਰੀਦਕੋਟ ਹਲਕੇ ਤੋਂ ਪਾਰਟੀ ਵਰਕਰਾਂ ਦੀ ਲਗਨ ਅਤੇ ਸਖਤ ਮਿਹਨਤ ਨਾਲ ਇਹ ਚੋਣ ਵੱਡੇ ਫਰਕ ਨਾਲ ਜਿੱਤੀ ਜਾਵੇਗੀ।