ਦੁਬਰਾਜਪੁਰ/ਜਮਾਲਪੁਰ, 27 ਅਪਰੈਲ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੀਨੀਅਰ ਨੇਤਾ ਅਭਿਸ਼ੇਕ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਬੰਗਾਲ ਦੇ ਭਾਈਚਾਰੇ ਦੇ ਖ਼ਿਲਾਫ਼ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਨੂੰ ਖਾਰਜ ਕਰਨ ਦੀ ਅਪੀਲ ਕੀਤੀ। ਬੀਰਭੂਮ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹੁਣ ਤੱਕ ਸੂਬੇ ਦੇ ਗਰੀਬ ਜੌਬ-ਕਾਰਡ ਧਾਰਕਾਂ ਦੀ 100 ਦਿਨ ਦੀ ਮਜ਼ਦੂਰੀ ਲਈ ਧਨ ਜਾਰੀ ਨਹੀਂ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਨੇ ਕਿਹਾ, ‘‘ਭਾਜਪਾ ਨੂੰ ਵੋਟ ਨਾ ਦਿਓ। ਉਹ ਬੰਗਾਲ ਵਿਰੋਧੀ ਹਨ। ਉਹ ਸਵਾਮੀ ਵਿਵੇਕਾਨੰਦ ਵਰਗੀਆਂ ਸ਼ਖ਼ਸੀਅਤਾਂ ਦਾ ਸਨਮਾਨ ਨਹੀਂ ਕਰਦੇ।’’ ਇਸ ਮਗਰੋਂ ਬਰਧਮਾਨ ਪੁਰਬਾ ਦੀ ਉਮੀਦਵਾਰ ਡਾ ਸ਼ਰਮੀਲਾ ਸਰਕਾਰ ਦੇ ਸਮਰਥਨ ਵਿੱਚ ਜਮਾਲਪੁਰ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅਭਿਸ਼ੇਕ ਨੇ ਭਾਜਪਾ ’ਤੇ ‘ਮੱਛੀ ਖਾਣ ਵਾਲਿਆਂ ਨੂੰ ਹਿੰਦੂ-ਵਿਰੋਧੀ’ ਕਰਾਰ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਭਾਜਪਾ ਨੂੰ ਵੱਖ-ਵੱਖ ਭਾਈਚਾਰਿਆਂ ਦੀਆਂ ਵਿਲੱਖਣ ਧਾਰਮਿਕ ਆਦਤਾਂ ਅਤੇ ਰੀਤੀ-ਰਿਵਾਜਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਬਹੁਲਵਾਦ ਨੂੰ ਨਹੀਂ ਜਾਣਦੇ। ਕੀ ਤੁਸੀਂ ਫ਼ੈਸਲਾ ਕਰੋਗੇ ਕਿ ਮੈਂ ਕਿਸ ਨਾਲ ਗੱਲ ਕਰਾਂ, ਕਿਸ ਨਾਲ ਚੱਲਾਂ?’’ ਭਾਜਪਾ ’ਤੇ ਟੀਐੱਮਸੀ ਵਰਗੇ ਸਿਆਸੀ ਵਿਰੋਧੀ ਨੂੰ ਤੰਗ ਕਰਨ ਅਤੇ ਡਰਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘‘ਜਦੋਂ ਤੋਂ ਅਸੀਂ ਬੰਗਾਲ ਵਿੱਚ ਭਾਜਪਾ ਦੀ ਚੁਣੌਤੀ ਦਾ ਮੁਕਾਬਲਾ ਕਰ ਰਹੇ ਹਾਂ, ਉਨ੍ਹਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਪਿੱਛੇ ਕੇਂਦਰੀ ਏਜੰਸੀਆਂ ਲਗਾ ਦਿੱਤੀਆਂ ਹਨ। ਮੇਰੇ ਬਜ਼ੁਰਗ ਮਾਤਾ-ਪਿਤਾ ਤੋਂ ਲੈ ਕੇ ਮੇਰੀ ਪਤਨੀ ਤੱਕ, ਮੇਰੇ ਪਰਿਵਾਰ ਦੇ ਕਰੀਬੀ ਮੈਂਬਰਾਂ ਨੂੰ ਸੀਬੀਆਈ ਤੇ ਈਡੀ ਵੱਲੋਂ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ ਪਰ ਕੁੱਝ ਵੀ ਨਹੀਂ ਮਿਲਿਆ। ਮੇਰੇ ਪਰਿਵਾਰ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਵੇ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ।’’ -ਪੀਟੀਆਈ