ਖੇਤਰੀ ਪ੍ਰਤੀਨਿਧ
ਬਰਨਾਲਾ, 27 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਦੌਰਾਨ ਜ਼ਿਲ੍ਹੇ ਦੀ ਟਾਪਰ ਰਹੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੂੰ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਮਪਾਲ ਸਿੰਗਲਾ ਦੀ ਅਗਵਾਈ ਹੇਠ ਵਫ਼ਦ ਵੱਲੋਂ ਸਕੂਲ ’ਚ ਪੁੱਜ ਕੇ ਸਨਮਾਨਿਤ ਕੀਤਾ ਗਿਆ। ਵਫ਼ਦ ਵਿੱਚ ਸ਼ਾਮਲ ਕਲੱਬ ਚੇਅਰਮੈਨ ਸੁਭਾਸ਼ ਮਿੱਤਲ ਅਤੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸਿੰਗਲਾ ਨੇ ਦੱਸਿਆ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਮਹਿਕਪ੍ਰੀਤ ਕੌਰ ਇੱਕ ਨਿਮਨ ਦਸਤਕਾਰ (ਬਿਜਲੀ ਮਕੈਨਿਕ) ਦੀ ਬੇਟੀ ਹੈ ਜਿਸਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਸਕੂਲ ਪ੍ਰਬੰਧਕਾਂ/ਅਧਿਆਪਕਾਂ ਦੀ ਸੁਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਉੱਚ ਨਾਮੀ ਤੇ ਮਹਿੰਗੇ ਸਕੂਲਾਂ ਨੂੰ ਪਛਾੜਦਿਆਂ ਦਸਵੀਂ ’ਚੋਂ 626/650 ਅੰਕ ਹਾਸਲ ਕਰ ਕੇ ਸੂਬੇ ਦੀ ਮੈਰਿਟ ਸੂਚੀ ’ਚ 19ਵਾਂ ਰੈਂਕ ਪ੍ਰਾਪਤ ਕੀਤਾ।
ਕਲੱਬ ਵੱਲੋਂ ਜਿੱਥੇ ਮਹਿਕਪ੍ਰੀਤ ਨੂੰ ਸ਼ਾਲ, ਟਰਾਫ਼ੀ ਤੇ ਨਕਦੀ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਮਾਪਿਆਂ, ਇੰਚਾਰਜ ਅਧਿਆਪਕ ਤੇ ਸਕੂਲ ਪ੍ਰਬੰਧਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਤੇ ਮਾਪਿਆਂ ਨੇ ਕਲੱਬ ਦਾ ਸਨਮਾਨ ਲਈ ਧੰਨਵਾਦ ਕੀਤਾ।