ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਪਰੈਲ
ਚੰਡੀਗੜ੍ਹ ਪੁਲੀਸ ਦੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ 15 ਲੱਖ ਰੁਪਏ ਦੇ ਚੋਰੀ ਦੇ ਗਹਿਣਿਆਂ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਵਾਸੀ ਧਨਾਸ ਵਜੋਂ ਹੋਈ ਹੈ। ਪੁਲੀਸ ਨੇ ਇਹ ਕਾਰਵਾਈ ਰਾਜੀਵ ਕੌਸ਼ਲ ਵਾਸੀ ਸੈਕਟਰ-39 ਬੀ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਕੋਈ ਉਸ ਦੇ ਘਰ ਵਿੱਚ ਦਾਖਲ ਹੋ ਕੇ ਲੱਖਾ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੂਹ ਦੇ ਆਧਾਰ ’ਤੇ ਪਿੰਡ ਸਾਰੰਗਪੁਰ ਵਿੱਚ ਛਾਪਾ ਮਾਰ ਕੇ ਮੁਲਜ਼ਮ ਨੂੰ ਚੋਰੀ ਦੇ ਗਹਿਣਿਆਂ ਸਣੇ ਗ੍ਰਿਫ਼ਤਾਰ ਕੀਤਾ। ਚੰਡੀਗੜ੍ਹ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ ਅਤੇ ਉਹ ਆਪਣੀ ਨਸ਼ਿਆਂ ਦੀ ਲਤ ਨੂੰ ਪੂਰੀ ਕਰਨ ਲਈ ਚੋਰੀਆਂ ਕਰਦਾ ਹੈ।