ਪੱਤਰ ਪ੍ਰੇਰਕ
ਏਲਨਾਬਾਦ, 17 ਅਪਰੈਲ
ਤਲਵਾੜਾ ਰੋਡ ’ਤੇ ਅੱਜ ਅੱਗ ਲੱਗਣ ਕਾਰਨ ਕਰੀਬ ਸਾਢੇ 11 ਏਕੜ ਕਣਕ ਅਤੇ ਤਿੰਨ ਏਕੜ ਕਣਕ ਦਾ ਨਾੜ ਸੜਕੇ ਸੁਆਹ ਹੋ ਗਿਆ। ਘਟਨਾ ਤੋਂ ਬਾਅਦ ਲੋਕਾਂ ਨੇ ਤੁਰੰਤ ਸਥਾਨਕ ਫਾਇਰ ਬ੍ਰਿਗੇਡ ਦਫ਼ਤਰ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਜਿਸ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਖੜ੍ਹੀ ਕਰੀਬ 400 ਏਕੜ ਕਣਕ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਅੱਗ ਲੱਗਣ ਕਾਰਨ ਅਜੇ ਕੁਮਾਰ ਅਤੇ ਰਾਜ ਕੁਮਾਰ ਦੇ ਖੇਤਾਂ ਵਿੱਚ ਖੜ੍ਹੀ ਕਰੀਬ 8 ਏਕੜ, ਓਮ ਪ੍ਰਕਾਸ਼ ਦੀ ਕਰੀਬ 2 ਏਕੜ 6 ਕਨਾਲ ਅਤੇ ਮੁਨਸ਼ੀ ਰਾਮ ਦੀ ਕਰੀਬ 4 ਕਨਾਲ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਸੜ ਗਈ। ਅੱਗ ਲੱਗਣ ਨਾਲ ਕਰੀਬ ਤਿੰਨ ਏਕੜ ਵਿੱਚ ਪਿਆ ਕਣਕ ਦਾ ਨਾੜ ਵੀ ਸੜ ਗਿਆ। ਕਣਕ ਨੂੰ ਅੱਗ ਲੱਗੀ ਹੋਣ ਸਮੇਂ ਤੇਜ਼ ਹਵਾ ਚੱਲ ਰਹੀ ਸੀ ਪਰ ਫਾਇਰ ਬ੍ਰਿਗੇਡ ਦੇ ਅਮਲੇ ਨੇ ਪੂਰੀ ਚੌਕਸੀ ਦਿਖਾਉਂਦੇ ਹੋਏ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।