ਪੱਤਰ ਪ੍ਰੇਰਕ
ਰਤੀਆ, 17 ਅਪਰੈਲ
ਵਧੀਕ ਡਿਪਟੀ ਕਮਿਸ਼ਨਰ ਅਤੇ ਨੋਡਲ ਅਫਸਰ ਰਾਹੁਲ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਖਾਲਸਾ ਤ੍ਰਿਸ਼ਤਾਵਦੀ ਸਰਕਾਰੀ ਕਾਲਜ ਰਤੀਆ ਵਿੱਚ ਸਵੀਪ ਪ੍ਰੋਗਰਾਮ ਕਰਵਾਇਆ ਗਿਆ। ਇਸ ਤਹਿਤ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਚੋਣ ਸ਼ਾਖਰਤਾ ਕਲੱਬ ਅਤੇ ਰੈੱਡ ਰਿਬਨ ਕਲੱਬ ਵੱਲੋਂ ਕਾਲਜ ਦੇ ਵਿਹੜੇ ਵਿੱਚ ਸੈਲਫੀ ਪੁਆਇੰਟ ਬਣਾਇਆ ਗਿਆ। ਸੈਲਫੀ ਪੁਆਇੰਟ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣਿਆ ਅਤੇ ਵਿਦਿਆਰਥੀਆਂ ਨੇ ਸੈਲਫੀ ਪੁਆਇੰਟ ’ਤੇ ਤਸਵੀਰਾਂ ਲਈਆਂ। ‘ਹੁਣ ਜਾਗੋ ਪਿਆਰੇ ਵੋਟਰ, ਤੁਸੀਂ ਦੇਸ਼ ਦੀ ਕਿਸਮਤ ਦੇ ਨਿਰਮਾਤਾ’ ਦੇ ਨਾਅਰੇ ਰਾਹੀਂ ਵਿਦਿਆਰਥੀਆਂ ਨੂੰ 100 ਫੀਸਦੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੇਮ ਮਹਿਤਾ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਤਸ਼ਾਹ ਨਾਲ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਕਾਲਜ ਵਿੱਚ ਚੋਣ ਸ਼ਾਖਰਤਾ ਕਲੱਬ ਦੇ ਇੰਚਾਰਜ ਪ੍ਰੋ. ਕ੍ਰਿਸ਼ਨ ਲਾਲ ਨੇ ਕਿਹਾ ਕਿ ਵੋਟ ਦੇ ਅਧਿਕਾਰ ’ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਵੋਟ ਭਵਿੱਖ ਦਾ ਨਿਰਮਾਤਾ ਹੈ। ਨੌਜਵਾਨ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਵੋਟ ਬਣਾਉਣ ਬਾਰੇ ਜਾਗਰੂਕ ਕਰਨ। ਵੋਟ ਪਾ ਕੇ ਆਪਣੇ ਯੋਗ ਉਮੀਦਵਾਰ ਨੂੰ ਚੁਣੋ। ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਵੋਟਰ ਹੀ ਸਾਰਿਆਂ ਵਿੱਚ ਜਾਗਰੂਕਤਾ ਲਿਆ ਸਕਦਾ ਹੈ। ਸਾਡੇ ਕੋਲ ਵੋਟ ਦਾ ਅਧਿਕਾਰ ਹੈ, ਸਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਵੋਟ ਫ਼ੀਸਦ ਨੂੰ ਵਧਾਉਣਾ ਵੀ ਸਾਡੀ ਵੱਡੀ ਜ਼ਿੰਮੇਵਾਰੀ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।