ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਅਪਰੈਲ
ਪਿੰਡ ਜਮਾਲ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਹਲਾਕ ਹੋ ਗਿਆ ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਮਹਿਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਗੁਡੀਆਖੇੜਾ ਵਾਸੀ ਦੀਪ ਚੰਦਰ ਆਪਣੀ ਪਤਨੀ ਪਾਰਵਤੀ ਨਾਲ ਦਵਾਈ ਲੈਣ ਲਈ ਸਿਰਸਾ ਆ ਰਿਹਾ ਸੀ। ਦੱਸਿਆ ਗਿਆ ਹੈ ਕਿ ਪਿੰਡ ਜਮਾਲ ਨੇੜੇ ਇਕ ਪੈਟਰੋਲ ਪੰਪ ਤੋਂ ਮੋਟਰਸਾਈਕਲ ’ਚ ਤੇਲ ਪਵਾ ਕੇ ਜਿਵੇਂ ਦੀ ਦੀਪ ਚੰਦ ਸੜਕ ’ਤੇ ਚੜ੍ਹਣ ਲੱਗਿਆ ਤਾਂ ਆਉਂਦੀ ਇਕ ਬੈਲੇਰੋ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੀਪ ਚੰਦ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।