ਨਵੀਂ ਦਿੱਲੀ, 5 ਅਪਰੈਲ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਦਬਾਅ ਅਤੇ ਸੁਪਰੀਮ ਕੋਰਟ ਦੇ ਦਖ਼ਲ ਕਾਰਨ ਮੋਦੀ ਸਰਕਾਰ ਨੂੰ ਮੁਫ਼ਤ ਕੋਵਿਡ-19 ਟੀਕਾਕਰਨ ਲਈ ਮਜਬੂਰ ਹੋਣਾ ਪਿਆ। ਕਾਂਗਰਸ ਨੇ ਕਿਹਾ ਕਿ ਮਹਾਮਾਰੀ ਦੌਰਾਨ ਜਿਸ ਤਰ੍ਹਾਂ ਦਾ ਮਾੜਾ ਪ੍ਰਬੰਧ ਸੀ, ਉਸ ਨੂੰ ਭੁੱਲਿਆ ਨਹੀਂ ਜਾ ਸਕਦਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੁਫ਼ਤ ਕੋਵਿਡ-19 ਟੀਕੇ ਮੁਹੱਈਆ ਕਰਵਾਉਣ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਕਰਾਰ ਦੇ ਰਹੀ ਹੈ। ਸ੍ਰੀ ਰਮੇਸ਼ ਨੇ ‘ਐਕਸ’ ‘ਤੇ ਕਿਹਾ,’ਪਰ ਸੱਚਾਈ ਇਹ ਹੈ ਕਿ ਵਿਰੋਧੀ ਧਿਰ ਦੇ ਜ਼ੋਰ ਅਤੇ ਸੁਪਰੀਮ ਕੋਰਟ ਦੇ ਦਖਲ ਕਾਰਨ ਮੋਦੀ ਸਰਕਾਰ ਅਜਿਹਾ ਕਰਨ ਲਈ ਮਜਬੂਰ ਹੋਈ। ਤੁਸੀਂ ਘਟਨਾਵਾਂ ਨੂੰ ਸਮਝਦੇ ਹੋ। ਡਾ. ਮਨਮੋਹਨ ਸਿੰਘ ਨੇ 18 ਅਪਰੈਲ 2021 ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਟੀਕਾਕਰਨ ਸਬੰਧੀ ਨੀਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ, ਜਿਸ ਦਾ ਉਸ ਸਮੇਂ ਤੱਕ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਹੋਰ ਵੱਧ ਟੀਕਾਕਰਨ ਲਈ ਬਹੁਤ ਵਧੀਆ ਸੁਝਾਅ ਦਿੱਤੇ ਸਨ। ਇਸ ਤੋਂ ਬਾਅਦ ਸਰਕਾਰ ਨੇ ਕਦਮ ਚੁੱਕੇ।’