ਰਾਮਪੁਰ (ਯੂਪੀ), 27 ਫਰਵਰੀ
ਰਾਮਪੁਰ ਦੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਕ ਮਾਮਲੇ ’ਚ ਲਗਾਤਾਰ ਗੈਰ ਹਾਜ਼ਰ ਰਹਿਣ ਦੇ ਚਲਦਿਆਂ ਸਥਾਨਕ ਐਮਪੀ-ਐਮਐਲਏ ਅਦਾਲਤ ਨੇ ਮੰਗਲਵਾਰ ਨੂੰ ਆਖ਼ਰਕਾਰ ਉਸ ਨੂੰ ‘ਭਗੌੜਾ’ ਘੋਸ਼ਿਤ ਕਰ ਦਿੱਤਾ ਅਤੇ ਪੁਲੀਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਕੇ ਛੇ ਮਾਰਚ ਨੂੰ ਅਦਾਲਤ ’ਚ ਪੇਸ਼ ਕਰਨ ਦਾ ਆਦੇਸ਼ ਦਿੱਤਾ। 2019 ’ਚ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਹੀ ਜਯਾ ਪ੍ਰਦਾ ਵਿਰੁੱਧ ਚੋਣ ਜ਼ਾਬਤੇ ਦੇ ਨਿਯਮਾਂ ਦੇ ਉਲੰਘਣਾ ਦੇ ਮਾਮਲੇ ’ਚ ਰਾਮਪੁਰ ’ਚ ਦੋ ਕੇਸ ਦਰਜ ਦਰਜ ਕੀਤੇ ਗਏ ਸੀ ਜਿਸ ਦੀ ਸੁਣਵਾਈ ਰਾਮਪੁਰ ਦੀ ਵਿਸ਼ੇਸ਼ ਐਮਪੀ-ਐਮਐਲਏ ਅਦਾਲਤ ’ਚ ਹੋ ਰਹੀ ਹੈ। ਸੀਨੀਅਰ ਵਕੀਲ ਅਮਰਨਾਥ ਤਿਵਾੜੀ ਨੇ ਦੱਸਿਆ ਕਿ ਜਯਾ ਪ੍ਰਦਾ ਵਿਰੁੱਧ 2019 ’ਚ ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਜੁੜੇ ਦੋ ਮੁਕੱਦਮੇ ਕੈਮਰੀ ਅਤੇ ਸਵਾਰ ਪੁਲੀਸ ਸਟੇਸ਼ਨਾਂ ’ਚ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ’ਚ ਵਿਸ਼ੇਸ਼ ਅਦਾਲਤ ਨੇ ਕਈ ਵਾਰ ਸੰਮਨ ਜਾਰੀ ਕੀਤੇ ਪਰ ਸਾਬਕਾ ਸੰਸਦ ਮੈਂਬਰ ਹਾਜ਼ਰ ਨਹੀਂ ਹੋਈ। ਉਨ੍ਹਾਂ ਮੁਤਾਬਕ ਇਸ ਤੋਂ ਬਾਅਦ ਵੱਖ ਵੱਖ ਤਰੀਕਾਂ ’ਤੇ ਉਨ੍ਹਾਂ ਖ਼ਿਲਾਫ਼ ਸੱਤ ਵਾਰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਪਰ ਪੁਲੀਸ ਉਸ ਨੂੰ ਹਾਜ਼ਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਦਾਲਤ ’ਚ ਦਾਖ਼ਲ ਆਪਣੇ ਜਵਾਬ ’ਚ ਕਿਹਾ ਕਿ ਜਯਾ ਪ੍ਰਦਾ ਖੁਦ ਨੂੰ ਬਚਾ ਰਹੀ ਹੈ ਅਤੇ ਉਸ ਦੇ ਮੋਬਾਈਲ ਨੰਬਰ ਵੀ ਬੰਦ ਹਨ। ਤਿਵਾੜੀ ਨੇ ਦੱਸਿਆ ਕਿ ਇਸ ’ਤੇ ਜਸਟਿਸ ਸ਼ੋਭਿਤ ਬੰਸਲ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਜਯਾ ਪ੍ਰਦਾ ਨੂੰ ਭਗੌੜਾ ਕਰਾਰ ਦੇ ਦਿੱਤਾ। ਅਦਾਲਤ ਨੇ ਰਾਮਪੁਰ ਪੁਲੀਸ ਮੁਖੀ ਨੂੰ ਆਦੇਸ਼ ਦਿੱਤਾ ਕਿ ਉਹ ਜਯਾ ਪ੍ਰਦਾ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਪੇਸ਼ੀ ’ਤੇ ਤਾਰੀਖ਼ 6 ਮਾਰਚ ਨੂੰ ਅਦਾਲਤ ’ਚ ਹਾਜ਼ਰ ਕਰਨ। -ਪੀਟੀਆਈ