ਲਾਜਵੰਤ ਸਿੰਘ
ਨਵਾਂਸ਼ਹਿਰ, 8 ਫ਼ਰਵਰੀ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖਤਮ ਕਰ ਦਿੱਤੇ ਹਨ।
ਅੱਜ ਖੋਜਾ ਪਿੰਡ ਵਿਖੇ ਜਨਤਕ ਰੇਤ ਖਾਣ ਦਾ ਜਾਇਜ਼ਾ ਲੈਣ ਪੁੱਜੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਰੇਤ ਖਾਣਾਂ ਤੋਂ 5.50 ਰੁਪਏ ਵਿੱਚ ਰੇਤਾ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਰੂਪ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੋਈ ਗੁੰਡਾ ਪਰਚੀ ਲੱਗੇਗੀ ਤੇ ਨਾ ਹੀ ਨਜਾਇਜ਼ ਮਾਈਨਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਤਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਦੇ 7 ਜ਼ਿਲ੍ਹਿਆਂ ਵਿਚਲੀਆਂ ਜਨਤਕ ਰੇਤ ਖਾਣਾਂ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਆਮ ਲੋਕਾਂ ਨੂੰ ਰੇਤ ਮਿਲਣ ‘ਚ ਹੋਈ ਅਸਾਨੀ ਨੂੰ ਦੇਖਦੇ ਹੋਏ, ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਖਾਣਾਂ ਦਾ ਘੇਰਾ 14 ਜ਼ਿਲ੍ਹਿਆਂ ਤੱਕ ਕਰਦੇ ਹੋਏ ਜਨਤਕ ਰੇਤ ਖਾਣਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਇਹ ਗਿਣਤੀ 150 ਤੋਂ ਵਧੇਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਖੋਜਾ ਵਿਖੇ ਰੇਤ ਲੈਣ ਆਏ ਲੋਕਾਂ ਅਤੇ ਰੇਤ ਦੀ ਭਰਾਈ ਕਰਨ ਵਾਲੀ ਲੇਬਰ ਨਾਲ ਗੱਲਬਾਤ ਕਰਨ ਪੁੱਜੇ ਖਣਨ ਮੰਤਰੀ ਮੀਤ ਹੇਅਰ ਨੇ ਜਿੱਥੇ ਉਨ੍ਹਾਂ ਪਾਸੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਬਾਰੇ ਪੁੱਛਿਆ ਉੱਥੇ ਉਨ੍ਹਾਂ ਦਾ ਫ਼ੀਡ ਬੈਕ ਵੀ ਲਿਆ।