ਨਵੀਂ ਦਿੱਲੀ: ਮੇਅਰ ਦੇ ਅਹੁਦੇ ਲਈ ‘ਆਪ’ ਦੀ ਉਮੀਦਵਾਰ ਸ਼ੈਲੀ ਓਬਰਾਏ ਵੱਲੋਂ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਉਪ ਰਾਜਪਾਲ ਦਫ਼ਤਰ, ਨਿਗਮ ਦੇ ਪ੍ਰੋ ਟੈਮ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਉਮੀਦਵਾਰ ਨੇ ਅਰਜ਼ੀ ਦਾਇਰ ਕਰ ਕੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਜਲਦੀ ਕਰਾਉਣ ਦੀ ਮੰਗ ਕੀਤੀ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਅਗਲੇ ਸੋਮਵਾਰ ਤੱਕ ਇਨ੍ਹਾਂ ਧਿਰਾਂ ਤੋਂ ਜਵਾਬ ਮੰਗਿਆ ਹੈ। ‘ਆਪ’ ਵੱਲੋਂ ਅੱਜ ਅਦਾਲਤ ਵਿਚ ਸੀਨੀਅਰ ਵਕੀਲ ਏਐਮ ਸਿੰਘਵੀ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਸਦਨ ਦੀ ਮੀਟਿੰਗ ਤਿੰਨ ਵਾਰ ਹੋ ਚੁੱਕੀ ਹੈ ਪਰ ਮੇਅਰ ਨਹੀਂ ਚੁਣਿਆ ਗਿਆ। ਸਿੰਘਵੀ ਨੇ ਕਿਹਾ, ‘ਸਾਨੂੰ ਕਈ ਇਤਰਾਜ਼ ਹਨ। ਪ੍ਰੋ ਟੈਮ ਪ੍ਰੀਜ਼ਾਈਡਿੰਗ ਅਧਿਕਾਰੀ ਮੇਅਰ, ਡਿਪਟੀ ਮੇਅਰ ਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਇਕੋ ਵਾਰ ਕਰਾਉਣ ‘ਤੇ ਜ਼ੋਰ ਦੇ ਰਹੇ ਹਨ। ਇਹ ਦਿੱਲੀ ਨਗਰ ਨਿਗਮ ਐਕਟ ਦੇ ਉਲਟ ਹੈ।’ ਸਿੰਘਵੀ ਨੇ ਕਿਹਾ ਕਿ ਇਕ ਹੋਰ ਮੁੱਦਾ ਸਦਨ ਦੇ ਨਾਮਜ਼ਦ ਮੈਂਬਰਾਂ ਦੀ ਵੋਟਿੰਗ ਨਾਲ ਜੁੜਿਆ ਹੈ, ਇਸ ਦਾ ਵੀ ਹੱਲ ਕੱਢਣ ਦੀ ਲੋੜ ਹੈ। ‘ਆਪ’ ਦੇ ਵਕੀਲ ਨੇ ਕਿਹਾ ਕਿ ਮੇਅਰ ਦੀ ਚੋਣ ਲਈ ਕੋਈ ਨਵੀਂ ਤਰੀਕ ਨਹੀਂ ਐਲਾਨੀ ਗਈ। ਬੈਂਚ ਨੇ ਮਾਮਲੇ ‘ਤੇ ਅਗਲੀ ਸੁਣਵਾਈ 13 ਫਰਵਰੀ ਨੂੰ ਰੱਖੀ ਹੈ। -ਪੀਟੀਆਈ