ਰੂਸ-ਯੂਕਰੇਨ ਜੰਗ ਨੂੰ ਅੱਜ ਇਕ ਸਾਲ ਹੋ ਗਿਆ ਹੈ, ਡਰ ਹੈ ਕਿ ਦੂਜਾ ਸਾਲ ਹੋਰ ਤਬਾਹੀ ਵਾਲਾ ਹੋਵੇਗਾ। ਸ਼ੁਰੂ ਤੋਂ ਹੀ ਇਸ ਜੰਗ ਬਾਰੇ ਗ਼ਲਤ ਅਨੁਮਾਨ ਲਗਾਏ ਗਏ। ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ‘ਤੇ ਹਮਲਾ ਕੀਤਾ ਤਾਂ ਉਸ ਨੇ ਗ਼ਲਤ ਅਨੁਮਾਨ ਲਗਾਇਆ ਕਿ ਰੂਸ ਗੁਆਂਢੀ ਮੁਲਕ ‘ਤੇ ਜਲਦੀ ਜਾਂ ਕੁਝ ਸਮੇਂ ਵਿਚ ਕਬਜ਼ਾ ਕਰ ਲਵੇਗਾ। ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਮੁਲਕਾਂ ਦੀ ਇਹ ਧਾਰਨਾ ਵੀ ਗ਼ਲਤ ਸਾਬਿਤ ਹੋਈ ਕਿ ਉਹ ਯੂਕਰੇਨ ਨੂੰ ਫੌਜੀ ਅਤੇ ਵਿੱਤੀ ਇਮਦਾਦ ਦੇ ਕੇ ਰੂਸ ਨੂੰ ਛੇਤੀ ਹੀ ਝੁਕਾ ਲੈਣਗੇ। ਦੋ ਵੱਡੀਆਂ ਤਾਕਤਾਂ ਦੀ ਲੜਾਈ ‘ਚ ਫਸਿਆ ਯੂਕਰੇਨ ਮੌਤ ਅਤੇ ਵਿਆਪਕ ਤਬਾਹੀ ਦਾ ਘਰ ਬਣ ਗਿਆ। ਇਸ ਜੰਗ ਕਾਰਨ ਆਲਮੀ ਪੱਧਰ ‘ਤੇ ਭੋਜਨ ਤੇ ਊਰਜਾ ਦਾ ਸੰਕਟ ਪੈਦਾ ਹੋ ਗਿਆ ਅਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਦਾ ਡਰ ਵਧ ਗਿਆ।
ਰੂਸ ਅਤੇ ਯੂਕਰੇਨ ਦੋਵੇਂ ਆਪਣੀ ਹੋਂਦ ਬਚਾਉਣ ਲਈ ਜੰਗ ਲੜਨ ਦੇ ਦਾਅਵੇ ਕਰ ਰਹੇ ਹਨ ਜਦੋਂਕਿ ਪੱਛਮੀ ਦੇਸ਼ਾਂ ਦੁਆਰਾ ਇਸ ਨੂੰ ਆਪਣੇ ਕੂਟਨੀਤਕ ਹਿੱਤਾਂ ਲਈ ਲੰਮੇਰਾ ਖਿੱਚਿਆ ਜਾਣਾ ਕਿਸੇ ਸਬੂਤ ਦਾ ਮੁਹਤਾਜ ਨਹੀਂ ਹੈ। ਜੰਗ ‘ਚ ਸ਼ਾਮਿਲ ਦੋਵਾਂ ਧਿਰਾਂ ‘ਚ ਸਾਂਝੀ ਗੱਲ ਇਹ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਵਾਸਤੇ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਜੰਗ ਨੇ ਸੰਯੁਕਤ ਰਾਸ਼ਟਰ (ਯੂਐੱਨ) ਦੀ ਨਾਕਾਮੀ ਵੀ ਸਾਹਮਣੇ ਲਿਆ ਦਿੱਤੀ ਹੈ। ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਯੂਕਰੇਨ ‘ਤੇ ਰੂਸੀ ਹਮਲੇ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕਰਨ ਵਾਲੀ ਨਿੰਦਾਜਨਕ ਕਾਰਵਾਈ ਦੱਸਿਆ ਹੈ। ਇਸ ਚਾਰਟਰ ਦੀ ਪ੍ਰਸਤਾਵਨਾ ‘ਚ ਭਵਿੱਖ ਦੀਆਂ ਪੀੜ੍ਹੀਆਂ ਨੂੰ ਜੰਗ ਵਰਗੀ ਮੁਸੀਬਤ ਤੋਂ ਬਚਾਉਣ ਸਬੰਧੀ ਜੋ ਪ੍ਰਬੰਧ ਹੈ, ਉਸ ਮੁਤਾਬਿਕ ਇਹ ਆਲਮੀ ਸੰਸਥਾ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦੀ। ਲੰਘੇ ਮਹੀਨੇ ਯੂਐੱਨ ਮਹਾਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਨੇ ਕਬੂਲ ਕੀਤਾ ਸੀ ਕਿ ਕੌਂਸਲ ਦਾ ਪ੍ਰਬੰਧ ‘ਨੁਕਸਦਾਰ’ ਹੈ ਜੋ ਇਸ ਨੂੰ ਜੰਗਾਂ ਨਾ ਹੋਣ ਦੇਣ ਜਾਂ ਰੋਕਣ ਦੇ ਅਸਮਰੱਥ ਬਣਾਉਂਦਾ ਹੈ।
ਇਸ ਨਾਲ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਤੇ ਸਾਖ਼ ਨੂੰ ਇਸ ਜੰਗ ਨਾਲ ਵੱਡੀ ਢਾਹ ਲੱਗੀ ਹੈ। ਸੁਰੱਖਿਆ ਕੌਂਸਲ ਵਿਚ ਵਿਆਪਕ ਸੁਧਾਰਾਂ ਦੀ ਲੋੜ ਹੈ। ਭਾਰਤ ਅਤੇ ਹੋਰ ਦੇਸ਼ਾਂ ਜਿਹੜੇ ਇਹ ਕਹਿੰਦੇ ਹਨ ਕਿ ਉਹ ਅਮਨ ਦੇ ਮੁਦੱਈ ਹਨ, ਨੂੰ ਮੂਕ ਦਰਸ਼ਕ ਬਣ ਕੇ ਖੜ੍ਹੇ ਨਹੀਂ ਰਹਿਣਾ ਚਾਹੀਦਾ ਸਗੋਂ ਜੰਗਬੰਦੀ ਕਰਵਾਉਣ ਵਾਸਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦਖ਼ਲ ਦੇ ਕੇ ਗੱਲਬਾਤ ਸ਼ੁਰੂ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ।