ਉਨਾਓ (ਉੱਤਰ ਪ੍ਰਦੇਸ਼), 15 ਸਤੰਬਰ
ਉੱਤਰ ਪ੍ਰਦੇਸ਼ ਵਿੱਚ ਉਨਾਓ ਜ਼ਿਲ੍ਹੇ ਦੇ ਪੂਰਵਾ ਕੋਤਵਾਲੀ ਇਲਾਕੇ ਵਿੱਚ ਬੀਮੇ ਦੀ ਰਕਮ ਦੀ ਵੰਡ ਨੂੰ ਲੈ ਕੇ ਵੀਰਵਾਰ ਰਾਤ ਨੂੰ ਤਿੰਨ ਭਰਾਵਾਂ ਵਿੱਚ ਹੋਏ ਝਗੜੇ ਵਿੱਚ ਇੱਕ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਘਟਨਾ ਵਿੱਚ ਮਰੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪੂਰਵਾ ਕਸਬੇ ਦੇ ਮੁਹੱਲਾ ਪੱਛਮੀ ਟੋਲਾ ਦੇ ਰਹਿਣ ਵਾਲੇ ਰਜਨੂੰ ਪਤਨੀ ਰਾਮਰਾਣੀ ਦੀ ਕਰੀਬ 9 ਮਹੀਨੇ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਰਾਮਰਾਣੀ ਦੀ ਮੌਤ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਉਸ ਦੇ ਵੱਡੇ ਪੁੱਤਰ ਰਾਜਬਹਾਦੁਰ ਦੇ ਖਾਤੇ ਵਿੱਚ ਕਰੀਬ ਦੋ ਲੱਖ ਰੁਪਏ ਦੁਰਘਟਨਾ ਬੀਮੇ ਦੀ ਰਕਮ ਜਮ੍ਹਾਂ ਹੋਈ ਸੀ। ਉਦੋਂ ਤੋਂ ਹੀ ਦੋਵੇਂ ਛੋਟੇ ਭਰਾ ਆਪਣੇ ਵੱਡੇ ਭਰਾ ‘ਤੇ ਬੀਮੇ ਦੀ ਰਕਮ ਵੰਡਣ ਲਈ ਦਬਾਅ ਪਾ ਰਹੇ ਸਨ। ਵੀਰਵਾਰ ਰਾਤ ਨੂੰ ਵੀ ਇਸ ਗੱਲ ਨੂੰ ਲੈ ਕੇ ਤਿੰਨਾਂ ਭਰਾਵਾਂ ਵਿਚਾਲੇ ਝਗੜਾ ਹੋਇਆ ਸੀ। ਇਸ ਦੌਰਾਨ ਸਾਰਿਆਂ ਨੇ ਇੱਕ ਦੂਜੇ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਛੋਟਾ ਭਰਾ ਰਾਮ ਆਸਰੇ (45) ਗੰਭੀਰ ਜ਼ਖ਼ਮੀ ਹੋ ਗਿਆ। ਆਸਰੇ ਨੂੰ ਪਹਿਲਾਂ ਪੂਰਵਾ ਦੇ ਕਮਿਊਨਿਟੀ ਹੈਲਥ ਸੈਂਟਰ ਅਤੇ ਫਿਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਆਸਰੇ ਦੀ ਮੌਤ ਹੋ ਗਈ।