ਨਵੀਂ ਦਿੱਲੀ, 23 ਅਗਸਤ
ਦਿੱਲੀ ਦੀ ਅਦਾਲਤ ਨੇ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ’ਚ ਇਕ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ‘ਮੁੱਖ ਉਕਸਾਉਣ ਵਾਲਾ ਵਿਅਕਤੀ’ ਕਰਾਰ ਦਿੰਦਿਆਂ ਉਸ ਦੇ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ ਜਿਸ ਨਾਲ ਸਾਬਕਾ ਸੰਸਦ ਮੈਂਬਰ ਖ਼ਿਲਾਫ਼ ਕੇਸ ਚਲਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸੇ ਦੌਰਾਨ ਅਦਾਲਤ ਨੇ ਸੱਜਣ ਕੁਮਾਰ ਨੂੰ 2 ਨਵੰਬਰ, 1984 ਨੂੰ ਹੋਏ ਦੰਗਿਆਂ ਦੇ ਇਕ ਹੋਰ ਮਾਮਲੇ ’ਚ ਧਾਰਾ 302 ਤਹਿਤ ਹੱਤਿਆ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਐੱਮ.ਕੇ. ਨਾਗਪਾਲ ਨੇ ਕਿਹਾ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਇਸਤਗਾਸਾ ਧਿਰ ਵੱਲੋਂ ਪੇਸ਼ ਕੀਤੇ ਗਏ ਜ਼ੁਬਾਨੀ ਤੇ ਦਸਤਾਵੇਜ਼ੀ ਸਬੂਤ ਇਹ ਮੰਨਣ ਲਈ ਕਾਫੀ ਹਨ ਕਿ ਪਹਿਲੀ ਨਵੰਬਰ 1984 ਨੂੰ ਸਵੇਰੇ 11 ਵਜੇ ਕੌਮੀ ਰਾਜਧਾਨੀ ਦੇ ਨਵਾਦਾ ਖੇਤਰ ਦੇ ਗੁਲਾਬ ਬਾਗ ਇਲਾਕੇ ਵਿੱਚ ਇਕ ਗੁਰਦੁਆਰੇ ਦੇ ਕੋਲ ਡੰਡੇ, ਸਰੀਏ, ਇੱਟਾਂ ਤੇ ਪੱਥਰ ਲੈ ਕੇ ਸੈਂਕੜੇ ਲੋਕ ਇਕੱਠੇ ਹੋਏ ਸਨ। ਜਸਟਿਸ ਨਾਗਪਾਲ ਅਨੁਸਾਰ ਸੱਜਣ ਕੁਮਾਰ ਵੀ ਇਸ ਭੀੜ ਵਿੱਚ ਸ਼ਾਮਲ ਸੀ। ਉਸ ਦਾ ਮਕਸਦ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਗੁਰਦੁਆਰੇ ਨੂੰ ਅੱਗ ਲਾਉਣਾ, ਉਥੇ ਲੁੱਟ-ਖੋਹ ਕਰਨਾ ਤੇ ਸਿੱਖਾਂ ਦੇ ਘਰਾਂ ਨੂੰ ਸਾੜਨਾ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਹੱਤਿਆ ਕਰਨਾ ਸੀ। ਇਸੇ ਦੌਰਾਨ ਜਸਟਿਸ ਨਾਗਪਾਲ ਨੇ ਸੱਜਣ ਕੁਮਾਰ ਨੂੰ ਦੰਗਿਆਂ ਦੌਰਾਨ ਹੱਤਿਆ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 2 ਨਵੰਬਰ, 1984 ਨੂੰ ਉਤਮ ਨਗਰ ਵਿੱਚ ਕਾਂਗਰਸ ਦੇ ਦਫਤਰ ਦੇ ਬਾਹਰ ਦੰਗਿਆਂ ਵਿੱਚ ਸੋਹਨ ਸਿੰਘ ਤੇ ਅਵਤਾਰ ਸਿੰਘ ਨਾਂ ਦੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ। -ਪੀਟੀਆਈ