ਬਲਜਿੰਦਰ ਉੱਪਲ
ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਪੰਜਾਬੀ ਰੇਡੀਓ ਦਾ ਬਹੁਤ ਮਹੱਤਵ ਹੈ। ਉਹ ਉੱਥੇ ਵਸੇ ਪੰਜਾਬੀਆਂ ਨੂੰ ਸਾਡੀ ਮਾਂ ਬੋਲੀ, ਗੀਤ- ਸੰਗੀਤ, ਗੁਰਬਾਣੀ, ਖ਼ਬਰਾਂ ਤੇ ਪੰਜਾਬ ਦੇ ਭਖਦੇ ਮਸਲਿਆਂ ‘ਤੇ ਚਰਚਾ ਤੇ ਹੋਰ ਵੱਖ ਵੱਖ ਵਿਸ਼ਿਆਂ ‘ਤੇ ਲਾਈਵ ਪ੍ਰੋਗਰਾਮਾਂ ਜ਼ਰੀਏ ਜੋੜੀ ਰੱਖਦਾ ਹੈ। ਇਸ ਤਰ੍ਹਾਂ ਹੀ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜ ਕੇ ਰੱਖਦੀ ਹੈ ਸੁਖਵਿੰਦਰ ਕੌਰ। ਉਹ ਇੰਗਲੈਂਡ ਦੇ ਸ਼ਹਿਰ ਲੰਡਨ ਤੋਂ ਚੱਲਦੇ ਆਕਾਸ਼ ਰੇਡੀਓ ਤੋਂ ਪਿਛਲੇ ਕਈ ਸਾਲਾਂ ਤੋਂ ਆਪਣੇ ਵੱਖਰੇ, ਖ਼ੂਬਸੂਰਤ ਤੇ ਦਿਲਚਸਪ ਅੰਦਾਜ਼ ‘ਚ ਰੇਡੀਓ ਜੌਕੀ ਵਜੋਂ ਕਈ ਪ੍ਰੋਗਰਾਮ ਪੇਸ਼ ਕਰ ਰਹੀ ਹੈ।
ਜ਼ਿਲ੍ਹਾ ਜਲੰਧਰ ਦੇ ਨਕੋਦਰ ਸ਼ਹਿਰ ਨਾਲ ਸਬੰਧਤ ਪਿਤਾ ਹਰਭਜਨ ਸਿੰਘ ਤੇ ਮਾਤਾ ਸੁਰਜੀਤ ਕੌਰ ਦੀ ਬੇਟੀ ਨੂੰ ਬਚਪਨ ਤੋਂ ਹੀ ਗੀਤ ਸੰਗੀਤ, ਅਦਾਕਾਰੀ ਤੇ ਗਿੱਧੇ ਦਾ ਸ਼ੌਕ ਰਿਹਾ। ਚੰਗੇਰੇ ਭਵਿੱਖ ‘ਤੇ ਵਿਦੇਸ਼ ਜਾ ਵਸਣ ਦੀ ਚਾਹਤ ਨਾਲ ਮਾਪਿਆਂ ਨੇ 20 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਲੰਡਨ ਵਾਸੀ ਕਾਬਲ ਸਿੰਘ ਨਾਲ ਕਰ ਦਿੱਤਾ ਤੇ ਉਹ ਇੰਗਲੈਂਡ ਜਾ ਵਸੀ। ਉੱਥੇ ਜਾ ਕੇ ਪਹਿਲਾਂ ਤਾਂ ਉਹ ਕਈ ਸਾਲ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਲੱਗੀ ਰਹੀ। ਫਿਰ ਬੱਚਿਆਂ ਦੇ ਪੱਕੇ ਪੈਰੀਂ ਹੋਣ ਉਪਰੰਤ ਉਸ ਨੇ 1992 ਵਿੱਚ ਲੰਡਨ ਤੋਂ ਚੱਲਦੇ ‘ਦੇਸੀ ਰੇਡੀਓ’ ਤੋਂ ਆਰ.ਜੇ. ਦਾ ਸਫ਼ਰ ਸ਼ੁਰੂ ਕੀਤਾ। ਕੁਝ ਸਾਲ ਬਾਅਦ ਉਸ ਦੀ ਚੋਣ ‘ਆਕਾਸ਼ ਰੇਡੀਓ’ ‘ਤੇ ਹੋ ਗਈ, ਜੋ ਨਿਰੰਤਰ ਜਾਰੀ ਹੈ।
ਉਹ ਆਪਣੀ ਮਿੱਠੀ ਆਵਾਜ਼ ਤੇ ਸੁੰਦਰ ਅਲਫ਼ਾਜ਼ਾਂ ਜ਼ਰੀਏ ਸਰੋਤਿਆਂ ਨੂੰ ਆਪਣੇ ਨਾਲ ਜੋੜੀ ਰੱਖਣ ਦੀ ਸਮਰੱਥਾ ਰੱਖਦੀ ਹੈ। ਉੁਹ ਆਪਣੇ ਪ੍ਰੋਗਰਾਮਾਂ ਦੀ ਬਿਹਤਰੀਨ ਪੇਸ਼ਕਾਰੀ ਦੀ ਵਜ੍ਹਾ ਨਾਲ ਲੰਡਨ ਦੇ ਪੰਜਾਬੀ ਭਾਈਚਾਰੇ ਦੀ ਨਾਮਵਰ ਸਖ਼ਸ਼ੀਅਤ ਬਣ ਕੇ ਉੱਭਰੀ ਹੈ। ਉਹ ਪੰਜਾਬ ਤੋਂ ਗਏ ਗਾਇਕਾਂ, ਕਲਾਕਾਰਾਂ, ਬੁੱਧੀਜੀਵੀਆਂ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਨੂੰ ਲਾਈਵ ਇੰਟਰਵਿਊ ਜ਼ਰੀਏ ਸਰੋਤਿਆਂ ਦੇ ਸਨਮੁੱਖ ਵੀ ਕਰਦੀ ਆ ਰਹੀ ਹੈ। ਉਹ ‘ਸਾਂਝਾ ਪੰਜਾਬ ਚੈਨਲ ਯੂਕੇ’ ਟੀਵੀ ਚੈਨਲ ਦੇ ਇੱਕ ਲਾਈਵ ਪ੍ਰੋਗਰਾਮ ਜ਼ਰੀਏ ਵੀ ਦਰਸ਼ਕਾਂ ਦੇ ਰੂਬਰੂ ਹੁੰਦੀ ਹੈ। ਇਸ ਤੋਂ ਇਲਾਵਾ ਉਹ ਇੰਗਲੈਂਡ ‘ਚ ਸ਼ੂਟ ਹੋਈਆਂ ਕਈ ਹਿੰਦੀ, ਪਾਕਿਸਤਾਨੀ ਤੇ ਪੰਜਾਬੀ ਫਿਲਮਾਂ ਵਿੱਚ ਕਿਰਦਾਰ ਵੀ ਨਿਭਾ ਚੁੱਕੀ ਹੈ। ਉਸ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਬਦਲੇ ਇੰਗਲੈਂਡ ਤੇ ਪੰਜਾਬ ਦੀਆਂ ਕਈ ਨਾਮਵਰ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਸੰਪਰਕ: 99141-89080