ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਮਾਰਚ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਵੱਲੋਂ ਪਿੰਡਾਂ ਵਿਚ ਕਣਕ ਦੀ ਹੁੰਦੀ ਕਾਣੀ ਵੰਡ ਦੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਈ ਪੜਤਾਲ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੜਤਾਲ ਦੇ ਬਾਵਜੂਦ ਰਾਜਨੀਤਿਕ ਰਸੂਖ ਵਾਲੇ ਰੱਜੇ ਪੁੱਜੇ ਲੋਕ ਡਿੱਪੂ ਹੋਲਡਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਕਣਕ ਲੈ ਕੇ ਲੋੜਵੰਦ ਪਰਿਵਾਰਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੇ ਹਨ।
ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਪਰਿਵਾਰ ਨੈਸ਼ਨਲ ਹਾਈਵੇਅ ਦੇ ਪਟਿਆਲਾ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ। ਜਿਵੇਂ ਹੀ ਉਹ ਕੋਠੀ ਵਾਲੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਪੁੱਜੇ ਤਾਂ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਮਜ਼ਦੂਰਾਂ ਨੇ ਆਵਾਜਾਈ ਠੱਪ ਕਰ ਕੇ ਉਥੇ ਹੀ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਕਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਗੁਰਵਿੰਦਰ ਬੌੜਾ ਅਤੇ ਧਰਮਵੀਰ ਹਰੀਗੜ ਨੇ ਸਰਕਾਰ ਤੋਂ ਮੰਗ ਕੀਤੀ ਕਿ ਰੱਜੇ-ਪੁੱਜੇ ਤੇ ਜ਼ਮੀਨਾਂ ਵਾਲੇ ਅਯੋਗ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟੇ ਜਾਣ, ਦਲਿਤ ਪਰਿਵਾਰਾਂ ਦੀਆਂ ਕਣਕ ਦੀਆਂ ਪਰਚੀਆਂ ਪਿੰਡ ਦੀ ਧਰਮਸ਼ਾਲਾ ਵਿਚ ਕੱਟੀਆਂ ਜਾਣ, ਲੋੜਵੰਦਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਜਾਣ, ਰਾਸ਼ਨ ਡਿੱਪੂ ਖੋਲ੍ਹਣ ਦਾ ਸਮਾਂ ਨਿਰਧਾਰਤ ਕੀਤਾ ਜਾਵੇ, ਪਰਚੀਆਂ ਕੱਟਣ ਵਾਲੀਆਂ ਨਵੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇ।
ਇਸ ਦੌਰਾਨ ਐੱਸਪੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਅਜੇਪਾਲ ਸਿੰਘ ਅਤੇ ਡਿਊਟੀ ਮੈਜਿਸਟ੍ਰੇਟ ਮੋਹਿਤ ਕੁਮਾਰ ਪੁੱਜੇ, ਜਿਨ੍ਹਾਂ ਨੇ ਸੰਘਰਸ਼ ਕਮੇਟੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ 11 ਮਾਰਚ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਕਰਵਾਈ।
ਨੀਲੇ ਕਾਰਡ ਕੱਟਣ ਖ਼ਿਲਾਫ਼ ਰੈਲੀਆਂ ਕਰੇਗਾ ਅਕਾਲੀ ਦਲ: ਚੰਦੂਮਾਜਰਾ
ਘਨੌਰ (ਪਟਿਆਲਾ) ਖੇਤਰੀ ਪ੍ਰਤੀਨਿਧ: ਲੋਕਾਂ ਦੇ ਨੀਲੇ ਕਾਰਡ ਕੱਟਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗਰੀਬਾਂ ਦੇ ਮੂੰਹ ਵਿੱਚੋਂ ਅੰਨ ਖੋਹ ਕੇ ‘ਆਪ’ ਸਰਕਾਰ ਧਰੋਹ ਕਮਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੇ ਅਜਿਹੇ ਫ਼ੈਸਲੇ ਖ਼ਿਲਾਫ਼ ਸ਼੍ਰੋੋਮਣੀ ਅਕਾਲੀ ਦਲ ਅਗਲੇ ਹਫ਼ਤੇ ਤੋਂ ਹਰੇਕ ਵਿਧਾਨ ਸਭਾ ਹਲਕੇ ‘ਚ ਇਨਸਾਫ਼ ਮਾਰਚ ਤੇ ਇਨਸਾਫ਼ ਰੈਲੀਆਂ ਸ਼ੁਰੂ ਕਰੇਗਾ। ਚੰਦੂਮਾਜਰਾ ਨੇ ਕਿਹਾ ਕਿ ਰਾਜਸੀ ਦਬਾਅ ਕਾਰਨ ਲਾਭਪਾਤਰੀਆਂ ਦੀ ਕਣਕ ‘ਤੇ 30 ਪ੍ਰਤੀਸ਼ਤ ਕੱਟ ਲਗਾਉਣ ਦੀ ਕਾਰਵਾਈ ਨਾਲ ਸਰਪੰਚਾਂ ਅਤੇ ਡਿੱਪੂ ਹੋਲਡਰਾਂ ਨਾਲ ਲੋਕਾਂ ਦਾ ਟਕਰਾਅ ਵਧ ਗਿਆ ਹੈ, ਜਿਸ ਕਰ ਕੇ ਮੁੜ ਨੀਲੇ ਕਾਰਡ ਬਹਾਲ ਕਰਵਾਏ ਜਾਣਗੇ। ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਦਸਤਖ਼ਤੀ ਮੁਹਿੰਮ ਦਾ ਆਗਾਜ਼ ਕਰਨ ਮੌਕੇ ਉਹ ਅੱਜ ਹਲਕਾ ਘਨੌਰ ਦੇ ਸ਼ੰਭੂ ਸਰਕਲ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।