ਲੁਧਿਆਣਾ (ਗਗਨਦੀਪ ਅਰੋੜਾ): ਸਮਰਾਲਾ ਚੌਕ ਕੋਲ ਸਥਿਤ ਵਿਜੇ ਇੰਟਰਪ੍ਰਾਈਜਜ਼ ਦੇ ਦਫ਼ਤਰ ’ਚ 10 ਦਿਨ ਪਹਿਲਾ ਹਥਿਆਰਾਂ ਦੀ ਨੌਕ ’ਤੇ ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮਾਂ ਨੂੰ ਜ਼ਿਲ੍ਹਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਗਰੋਹ ਦੇ ਦੋ ਮੁਲਜ਼ਮ ਹਾਲੇ ਫ਼ਰਾਰ ਹਨ। ਮੁਲਜ਼ਮਾਂ ਨੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦੇ ਦਫ਼ਤਰ ’ਚੋਂ ਪੰਜ ਲੱਖ ਰੁਪਏ ਕੈਸ਼, ਇੱਕ ਲੱਖ ਦੇ ਡਾਲਰ ਤੇ ਸੋਨੇ ਦੀ ਚੇਨ ਦੇ ਨਾਲ ਨਾਲ ਹੋਰ ਕੀਮਤੀ ਸਾਮਾਨ ਲੁੱਟ ਲਿਆ ਸੀ। ਪੁਲੀਸ ਨੇ ਜਾਂਚ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਹਾਂ ਦੀ ਪਛਾਣ ਸ਼ਿਮਲਾਪੁਰੀ ਡਾਬਾ ਰੋਡ ਵਾਸੀ ਸਾਹਿਲ ਵਰਮਾ ਤੇ ਪ੍ਰੀਤ ਨਗਰ ਵਾਸੀ ਦਮਨਜੀਤ ਸਿੰਘ ਉਰਫ਼ ਦਮਨ ਦੇ ਰੂਪ ’ਚ ਹੋਈ ਹੈ, ਜਦੋਂ ਕਿ ਬਰੋਟਾ ਰੋਡ ਸਥਿਤ ਜੁਝਾਰ ਨਗਰ ਵਾਸੀ ਗਗਨਦੀਪ ਸਿੰਘ ਉਰਫ਼ ਗਗਨ ਅਤੇ ਦੀਪਕ ਕੁਮਾਰ ਹਾਲੇ ਫ਼ਰਾਰ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।