ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 12 ਸਤੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੇ ਸੇਵਾਮੁਕਤ ਇੰਜਨੀਅਰਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਜਾਰੀ ਵਿਭਾਗੀ ਪੜਤਾਲ ਕਰਨ ਦੇ ਹੁਕਮਾਂ ’ਤੇ ਰੋਕ ਲਗਾ ਦਿੱਤੀ ਹੈ। ਪੁੱਡਾ ਦੀ ਬਠਿੰਡਾ ਡਿਵੈਲਪਮੈਂਟ ਅਥਾਰਟੀ (ਬੀਡੀਏ) ਤੋਂ ਸੇਵਾਮੁਕਤ ਹੋਏ ਮੁਹਾਲੀ ਦੇ ਮੰਡਲ ਇੰਜਨੀਅਰ (ਸਿਵਲ) ਜੇਐੱਸ ਟਿਵਾਣਾ ਅਤੇ ਉਪ-ਮੰਡਲ ਇੰਜਨੀਅਰ (ਸਿਵਲ) ਲਾਲ ਚੰਦ ਵੱਲੋਂ ਉਨ੍ਹਾਂ ਦੀ ਸੇਵਾਮੁਕਤੀ ਦੇ ਕਈ ਸਾਲਾਂ ਬਾਅਦ ਜਾਰੀ ਕੀਤੀਆਂ ਚਾਰਜਸ਼ੀਟਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਦੇ ਜੱਜ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਸੇਵਾਮੁਕਤ ਮੁਲਾਜ਼ਮਾਂ ਵਿਰੁੱਧ ਆਰੰਭੀ ਵਿਭਾਗੀ ਜਾਂਚ ਉੱਤੇ ਰੋਕ ਲਗਾਉਂਦਿਆਂ ਇਸ ਸਬੰਧੀ ਪੁੱਡਾ ਦੇ ਸਕੱਤਰ ਅਤੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ 8 ਦਸੰਬਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ।