ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਸਤੰਬਰ
ਇਲਾਕੇ ਦੇ ਕਈ ਪਿੰਡਾਂ ਵਿਚ ਬੱਚੇ ਤੇ ਨੌਜਵਾਨ ਸਵੇਰੇ-ਸ਼ਾਮ ਕਸਰਤ ਤੇ ਵੱਖ-ਵੱਖ ਖੇਡਾਂ ਵਿਚ ਆਪਣਾ ਪਸੀਨਾ ਵਹਾ ਰਹੇ ਹਨ। ਕਰੋਨਾ ਕਾਰਨ ਸਕੂਲ ਤੇ ਕਾਲਜ ਬੰਦ ਪਏ ਹਨ। ਇਸ ਦਾ ਲਾਹਾ ਲੈਂਦਿਆਂ ਕੋਟਾਲਾ ਬੇਟ, ਭੌਰਲਾ ਬੇਟ, ਗੌਂਸਗੜ੍ਹ, ਸਿਕੰਦਰਪੁਰ, ਮਾਛੀਵਾੜਾ ਖਾਮ, ਹੇਡੋਂ ਬੇਟ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਕੋਟਾਲਾ ਬੇਟ ਦੇ ਕਬੱਡੀ ਖਿਡਾਰੀਆਂ ਨੇ ਅਜਿਹਾ ਲਾਮਬੰਦ ਕੀਤਾ ਕਿ 3 ਸਾਲ ਦੇ ਬੱਚਿਆਂ ਤੋਂ ਲੈ ਕੇ 30 ਸਾਲ ਤੱਕ ਦੇ ਨੌਜਵਾਨ ਖੇਡ ਮੈਦਾਨ ਮੱਲ ਰਹੇ ਹਨ।
ਕੋਟਾਲਾ ਬੇਟ ਪਿੰਡ ਦੇ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਸਾਬੀ ਕੋਟਾਲਾ ਤੇ ਅੰਗਰੇਜ਼ ਚੀਮਾ ਨੇ ਲੌਕਡਾਊਨ ਦੌਰਾਨ ਘਰਾਂ ਵਿਚ ਵਿਹਲੇ ਬੈਠੇ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜਨਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਵਿਚ ਖਿਡਾਰੀਆਂ ਦਾ ਇਹ ਕਾਫ਼ਲਾ ਹੁਣ 150 ਤੋਂ 200 ਬੱਚਿਆਂ ਤੇ ਨੌਜਵਾਨਾਂ ਤਕ ਪੁੱਜ ਗਿਆ ਹੈ। ਉਨ੍ਹਾਂ ਨੂੰ ਕਬੱਡੀ ਦੀ ਵੀ ਕੋਚਿੰਗ ਦਿੱਤੀ ਜਾਂਦੀ ਹੈ।
ਕੋਚ ਅੰਗਰੇਜ਼ ਸਿੰਘ ਚੀਮਾ ਤੇ ਸੁੱਖੀ ਝਾੜ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਅੱਧਾ ਘੰਟਾ ਵੱਖ-ਵੱਖ ਤਰ੍ਹਾਂ ਦੀ ਕਸਰਤ ਕਰਵਾਈ ਜਾਂਦੀ ਹੈ ਅਤੇ ਫਿਰ ਆਪਸ ਵਿਚ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣਾ ਹੈ।
ਯਾਦਵਿੰਦਰ ਸਿੰਘ, ਬੱਬੂ ਕੋਟਾਲਾ, ਸਪੋਰਟਸ ਪ੍ਰਧਾਨ ਮਨਦੀਪ ਸਿੰਘ, ਜਸਵੀਰ ਜੱਸੀ, ਦਵਿੰਦਰ ਸਿੰਘ ਚੀਮਾ, ਹਰਭਜਨ ਸਿੰਘ ਨੰਬਰਦਾਰ ਤੇ ਸ਼ਾਮ ਸਿੰਘ ਨੇ ਕਿਹਾ ਕਿ ਕੋਟਾਲਾ ਬੇਟ ਦੇ ਖੇਡ ਮੈਦਾਨ ਵਿਚ ਰੋਜ਼ਾਨਾ ਸਵੇਰੇ ਸ਼ਾਮ ਖੇਡਦਾ 200 ਖਿਡਾਰੀ ਪੁੱਜਦੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪਿੰਡ ਦੀ ਪੰਚਾਇਤ, ਇਲਾਕੇ ਤੇ ਵਿਦੇਸ਼ਾਂ ’ਚ ਬੈਠੇ ਦਾਨੀਆਂ ਦੇ ਆਰਥਿਕ ਸਹਿਯੋਗ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੇਟ ਖੇਤਰ ਦੇ ਕੋਟਾਲਾ ਬੇਟ ਦਾ ਖੇਡ ਸਟੇਡੀਅਮ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣਿਆ ਹੈ। ਇਲਾਕੇ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।