ਸ੍ਰੀਨਗਰ, 18 ਸਤੰਬਰ
ਥਲ ਸੈਨਾ ਨੂੰ ਮੁੱਢਲੀ ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਜਵਾਨਾਂ ਨੇ ਸ਼ੋਪੀਆਂ ਝੂਠੇ ਮੁਕਾਬਲੇ ਵਿੱਚ ਅਫਸਪਾ ਤਹਿਤ ਮਿਲੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ, ਜਿਸ ਕਾਰਨ ਤਿੰਨ ਨੌਜਵਾਨ ਮਾਰੇ ਗਏ ਸਨ। ਫੌਜ ਦੇ ਅਧਿਕਾਰੀਆਂ ਨੇ 18 ਜੁਲਾਈ ਨੂੰ ਸੈਨਾ ਨੇ ਦਾਅਵਾ ਕੀਤਾ ਸੀ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ ਅਮਸ਼ੀਪੁਰਾ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਸ੍ਰੀਨਗਰ ਵਿਚ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਤਿੰਨ ਵਿਅਕਤੀ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਅਮਸ਼ੀਪੁਰਾ ਤੋਂ ਲਾਪਤਾ ਹੋ ਗਏ ਸਨ। ਜਾਂਚ ਚਾਰ ਹਫਤਿਆਂ ਵਿੱਚ ਪੂਰੀ ਕੀਤੀ ਗਈ ਸੀ। ਜਾਂਚ ਨੇ ਕੁਝ ਪ੍ਰਮੁੱਖ ਸਬੂਤ ਸਾਹਮਣੇ ਲਿਆਂਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਪਰੇਸ਼ਨ ਦੌਰਾਨ ਏਐੱਫਐੱਸਪੀਏ 1990 ਅਧੀਨ ਮਿਲੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ ਗਈ। ਫੌਜ ਨੇ ਸੰਖੇਪ ਬਿਆਨ ਵਿੱਚ ਕਿਹਾ ਹੈ ਕਿ ਸਮਰੱਥ ਅਨੁਸ਼ਾਸਨੀ ਅਥਾਰਟੀ ਨੇ ਫੌਜ ਐਕਟ ਅਧੀਨ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਸ਼ੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਅਮਲ ਪਾਰਦਰਸ਼ੀ ਹੋਵੇ: ਉਮਰ ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਸ਼ੋਪੀਆਂ ਫ਼ਰਜ਼ੀ ਮੁਕਾਬਲੇ ਵਿੱਚ ਦੋਸ਼ੀ ਪਾਏ ਗਏ ਫੌਜੀ ਜਵਾਨਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ। ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਟਵੀਟ ’ਚ ਕਿਹਾ, ‘ਫਰਜ਼ੀ ਮੁਕਾਬਲੇ ਦੌਰਾਨ ਕਤਲ ਕੀਤੇ ਗਏ ਤਿੰਨ ਨੌਜਵਾਨਾਂ ਦੇ ਪਰਿਵਾਰ ਲਗਾਤਾਰ ਉਨ੍ਹਾਂ ਦੇ ਬੇਕਸੂਰ ਹੋਣ ਦਾ ਦਾਅਵਾ ਕਰ ਰਹੇ ਸਨ। ਫੌਜ ਵੱਲੋਂ ਦੋਸ਼ੀਆਂ ਖ਼ਿਲਾਫ਼ ਵਿੱਢੀ ਅਨੁਸ਼ਾਸਨੀ ਕਾਰਵਾਈ ਤੋਂ ਸਾਫ਼ ਹੈ ਕਿ ਫੌਜ ਪਰਿਵਾਰਾਂ ਨਾਲ ਇਸ ਗੱਲੋਂ ਸਹਿਮਤ ਹੈ। ਇਸ ਪੂਰੇ ਅਮਲ ਨੂੰ ਪਾਰਦਰਸ਼ੀ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇ।’ -ਪੀਟੀਆਈ