ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 20 ਸਤੰਬਰ
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਯੂਥ ਕਾਂਗਰਸ ਵੱਲੋਂ ਟਰੈਕਟਰ ਰੈਲੀ ਕੱਢੀ ਗਈ। ਜ਼ੀਰਕਪੁਰ ਤੋਂ ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ ਇਹ ਰੈਲੀ ਡੇਰਾਬੱਸੀ ਤੇ ਲਾਲੜੂ ਤੋਂ ਹੁੰਦੀ ਹੋਈ ਦਿੱਲੀ ਜਾਣੀ ਸੀ ਪਰ ਲਾਲੜੂ ਨੇੜੇ ਹਰਿਆਣਾ ਦੀ ਹੱਦ ’ਤੇ ਹਰਿਆਣਾ ਪੁਲੀਸ ਨੇ ਟਰੈਕਟਰਾਂ ਦੇ ਕਾਫ਼ਲੇ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਇਥੇ ਯੂਥ ਕਾਂਗਰਸੀ ਆਗੂਆਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲੀਸ ਨੇ ਮੁਜ਼ਾਹਰਾਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਮੁਜ਼ਾਹਰਾਕਾਰੀਆਂ ਕੁਝ ਬੈਰੀਕੇਡ ਤੋੜਨ ਵਿੱਚ ਸਫ਼ਲ ਹੋ ਗਏ ਸਨ ਪਰ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਅੰਬਾਲਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਯੂਥ ਕਾਂਗਰਸੀਆਂ ਨੇ ਹਰਿਆਣਾ ਹੱਦ ’ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਰਿਆਣਾ ਵਿੱਚ ਦਾਖ਼ਲ ਨਾ ਹੋਣ ਦੇਣ ’ਤੇ ਯੂਥ ਕਾਂਗਰਸ ਵੱਲੋਂ ਟਰੈਕਟਰ ਨੂੰ ਅੱਗ ਲਾ ਕੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਰੈਲੀ ਵਿੱਚ ਅੱਜ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਯੂਥ ਦੇ ਸੂਬਾ ਜਨਰਲ ਸਕੱਤਰ ਉਦੇਵੀਰ ਸਿੰਘ ਢਿੱਲੋਂ, ਜ਼ਿਲ੍ਹਾ ਮੁਹਾਲੀ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਸਮੇਤ ਪੂਰੇ ਸੂਬੇ ਦੇ ਕਾਂਗਰਸੀ ਆਗੂ ਹਾਜ਼ਰ ਸਨ।
ਸ੍ਰੀਨਿਵਾਸ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਬਿੱਲ ਲਿਆਂਦਾ ਹੈ, ਜਿਸ ਨਾਲ ਕਿਸਾਨ ਅਡਾਨੀ ਅਤੇ ਅੰਬਾਨੀ ਵਰਗੇ ਸਰਮਾਏਦਾਰਾਂ ਦਾ ਬੰਧੂਆ ਮਜ਼ਦੂਰ ਬਣਕੇ ਰਹਿ ਜਾਏਗਾ। ਸੁਨੀਲ ਜਾਖੜ ਨੇ ਆਖਿਆ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਡੱਟ ਕੇ ਖੜ੍ਹੇਗੀ ਅਤੇ ਇਸ ਬਿੱਲ ਦਾ ਵਿਰੋਧ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਦਿਖਾਵੇ ਲਈ ਵਿਰੋਧ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫਾ ਲੈ ਲਿਆ ਹੈ ਜਦਕਿ ਉਹ ਡਰਾਮਾ ਕਰ ਰਹੇ ਹਨ ਕਿ ਅਸਤੀਫਾ ਕਿਸਾਨਾਂ ਦੇ ਹੱਕ ਵਿੱਚ ਦਿੱਤਾ ਹੈ। ਯੂਥ ਕਾਂਗਰਸੀ ਦੀ ਰੈਲੀ ਕਾਰਨ ਅੱਜ ਸਾਰਾ ਦਿਨ ਚੰਡੀਗੜ੍ਹ-ਦਿੱਲੀ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ। ਸਵੇਰ ਗਿਆਰਾਂ ਵਜੇ ਯੂਥ ਕਾਂਗਰਸੀ ਆਗੂ ਜ਼ੀਰਕਪੁਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਸ਼ਾਮ ਪੰਜ ਵਜੇ ਇਹ ਰੈਲੀ ਸਮਾਪਤ ਹੋਈ, ਜਿਸ ਮਗਰੋਂ ਆਵਾਜਾਈ ਬਹਾਲ ਹੋਈ ਅਤੇ ਲੋਕਾਂ ਨੂੰ ਰਾਹਤ ਦਾ ਸਾਹ ਲਿਆ।
ਮਾਰਚ ਰੋਕਣ ਲਈ ਹਰਿਆਣਾ ਪੁਲੀਸ ਨੇ ਕੀਤੇ ਸਨ ਪੁਖ਼ਤਾ ਪ੍ਰਬੰਧ
ਅੰਬਾਲਾ (ਰਤਨ ਸਿੰਘ ਢਿੱਲੋਂ): ਪੰਜਾਬ ਯੂਥ ਕਾਂਗਰਸ ਵੱਲੋਂ ਕੌਮੀ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਦੀ ਅਗਵਾਈ ਹੇਠ ਦਿੱਲੀ ਤੱਕ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਹਰਿਆਣਾ ਵਿੱਚ ਦਾਖਲ ਹੋਣ ਤੋਂ ਡੱਕਣ ਲਈ ਅੰਬਾਲਾ ਪੁਲੀਸ ਨੇ ਸੱਦੋਪੁਰ ਬੈਰੀਅਰ ’ਤੇ ਪੁਖ਼ਤਾ ਬੰਦੋਬਸਤ ਕੀਤਾ ਹੋਇਆ ਸੀ। ਕਰੇਨ ਦੀ ਮੱਦਦ ਨਾਲ ਅੰਬਾਲਾ-ਚੰਡੀਗੜ੍ਹ ਰੋਡ ’ਤੇ ਬਹੁਤ ਭਾਰੇ ਬਲਾਕ ਰੱਖ ਕੇ ਤਿੰਨ ਪੜਾਵੀ ਰੋਕਾਂ ਲਾਈਆਂ ਹੋਈਆਂ ਸਨ। ਐੱਸਪੀ ਅਭਿਸ਼ੇਕ ਜੋਰਵਾਲ ਦੀ ਕਮਾਨ ਹੇਠ ਭਾਰੀ ਪੁਲੀਸ ਤਾਇਨਾਤ ਕਰਕੇ ਅੰਬਾਲਾ-ਚੰਡੀਗੜ੍ਹ ਮਾਰਗ ਸੀਲ ਕਰ ਦਿੱਤਾ ਗਿਆ। ਆਈਜੀ ਅੰਬਾਲਾ ਰੇਂਜ ਵਾਈ ਪੂਰਨ ਕੁਮਾਰ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਹਰਿਆਣਾ ਪੁਲੀਸ ਨੇ ਪੰਜਾਬ ਯੂਥ ਕਾਂਗਰਸ ਦੇ ਟਰੈਕਟਰ ਮਾਰਚ ਹਰਿਆਣਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਨੇ ਮੀਡੀਆ ਨੂੰ ਕਿਹਾ ਕਿ ਰੰਗਾ-ਬਿੱਲਾ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ।
ਕਾਂਗਰਸ ਦੇ ਕੌਮੀ ਪ੍ਰਧਾਨ ਤੇ ਸੂਬਾ ਪ੍ਰਧਾਨ ਸਣੇ 20 ਆਗੂ ਗ੍ਰਿਫ਼ਤਾਰ
ਕਾਂਗਰਸ ਦੀ ਟਰੈਕਟਰ ਰੈਲੀ ਦੌਰਾਨ ਪੰਜਾਬ ਪੁਲੀਸ ਹਰਿਆਣਾ ਹੱਦ ’ਤੇ ਯੂਥ ਕਾਂਗਰਸ ਦਾ ਪ੍ਰਦਰਸ਼ਨ ਹਿੰਸਕ ਹੁੰਦਾ ਦੇਖ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ, ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸੂਬਾ ਜਨਰਲ ਸਕੱਤਰ ਉਦੈਵੀਰ ਸਿੰਘ ਢਿੱਲੋਂ ਸਮੇਤ 20 ਵੱਖ ਵੱਖ ਕਾਂਗਰਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਲੜੂ ਪੁਲੀਸ ਸਟੇਸ਼ਨ ਲੈ ਗਈ, ਜਿੱਥੇ ਬਾਅਦ ਵਿੱਚ ਇਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਉਦੈਵੀਰ ਸਿੰਘ ਢਿੱਲੋਂ ਕੀਤੀ ਹੈ।