ਪੱਤਰ ਪ੍ਰੇਰਕ|
ਬੁਢਲਾਡਾ, 27 ਸਤੰਬਰ
ਖੇਤੀ ਬਿੱਲਾਂ ਦਾ ਵਿਰੋਧ ਪਿੰਡਾਂ ਦੀਆਂ ਸੱਥਾਂ ਤੋਂ ਹੁੰਦਾ ਹੋਇਆ ਬੱਚਿਆਂ ਤੱਕ ਪੁੱਜ ਗਿਆ ਹੈ। ਕਿਸਾਨਾਂ ਵੱਲੋਂ ਥਾਂ-ਥਾਂ ਫੂਕੇ ਜਾ ਰਹੇ ਕੇਂਦਰ ਸਰਕਾਰ ਅਤੇ ਮੋਦੀ ਦੇ ਪੁਤਲਿਆਂ ਦਾ ਪ੍ਰਭਾਵ ਪੇਂਡੂ ਬੱਚਿਆਂ ’ਤੇ ਵੀ ਪੈਣ ਲੱਗਾ ਹੈ। ਬੱਚਿਆਂ ਨੇ ਕਿਸਾਨ ਪ੍ਰਦਰਸ਼ਨਾਂ ਦੇ ਕੁਝ ਰੌਚਕ ਭਾਗਾਂ ਨੂੰ ਆਪਣੀ ਖੇਡ ਬਣਾ ਲਿਆ ਹੈ। ਜਿੱਥੇ ਉਹ ਖੇਡ-ਖੇਡ ਵਿੱਚ ਅਰਥੀਆਂ ਬਣਾ ਕੇ ਫੂਕਣ ਲੱਗ ਪਏ ਹਨ, ਉੱਥੇ ਉੱਚੀ-ਉੱਚੀ ਨਾਅਰੇਬਾਜ਼ੀ ਵੀ ਕਰਦੇ ਹਨ। ਅੱਜ ਪਿੰਡ ਦਾਤੇਵਾਸ ਵਿੱਚ ਕੁਝ ਬੱਚਿਆਂ ਨੇ ਡੰਡਿਆਂ ਦੀ ਮਦਦ ਨਾਲ ਸਿੜੀ ਤਿਆਰ ਕੀਤੀ ਅਤੇ ਲੀਰਾਂ ਦੇ ਬਣਾਏ ਇੱਕ ਪੁਤਲੇ ਨੂੰ ਚਿੱਟੇ ਕੱਪੜੇ ਵਿੱਚ ਲਪੇਟ ਕੇ ਅਰਥੀ ਤਿਆਰ ਕੀਤੀ। ਇਸ ਦੌਰਾਨ ਜਿੱਥੇ ਤਿੰਨ ਲੜਕਿਆਂ ਨੇ ਕਿਸਾਨ ਵਿਰੋਧੀ ਕੇਂਦਰ ਸਰਕਾਰ ਦੀ ਅਰਥੀ ਨੂੰ ਮੋਢਾ ਦਿੱਤਾ, ਉੱਥੇ ਉਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੋਈ। ਅਰਥੀ ਨੂੰ ਮੋਢਾ ਦੇਣ ਵਾਲੇ ਇੱਕ ਬੱਚੇ ਨੇ ਹੱਥ ’ਚ ਖਿਡਾਉਣਾ ਪਿਸਤੌਲ ਵੀ ਫੜਿਆ ਹੋਇਆ ਸੀ। ਅਰਥੀ ਨਾਲ ਚੱਲ ਰਹੇ ਬੱਚੇ ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਮਾਰ ਰਹੇ ਸਨ। ਕਿਸਾਨ ਆਗੂ ਬੋਘ ਸਿੰਘ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਆਖਿਆ ਕਿ ਕੇਂਦਰ ਵੱਲੋਂ ਪੰਜਾਬ ਹਰਿਆਣਾ ਦੇ ਕਿਸਾਨਾਂ ਸਮੇਤ ਪੂਰੇ ਦੇਸ਼ ’ਚ ਧੱਕੇ ਨਾਲ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਦਾ ਫਿਕਰ ਬੱਚਿਆਂ ਤੱਕ ਪੁੱਜ ਜਾਣਾ ਬਹੁਤ ਵੱਡੀ ਅਤੇ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਜਦੋਂ ਕਿਸੇ ਖਿੱਤੇ ’ਚ ਬਚਪਨ ਨੂੰ ਭਵਿੱਖ ਦੇ ਫਿਕਰ ਚਿੰਬੜ ਜਾਣ ਅਤੇ ਉਹ ਆਪਣੀਆਂ ਖੇਡਾਂ ’ਚ ਵਿਰੋਧ ਅਤੇ ਸੰਘਰਸ਼ ਸ਼ਾਮਲ ਕਰ ਲੈਣ ਤਾਂ ਵੱਡੀ ਕ੍ਰਾਂਤੀ ਹੁੰਦੀ ਹੈ।