ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 14 ਸਤੰਬਰ
ਰਾਜ ਸਭਾ ਨੇ ਜਨਤਾ ਦਲ (ਯੂਨਾਈਟਿਡ) ਦੇ ਸੰਸਦ ਮੈਂਬਰ ਹਰੀਵੰਸ਼ ਨਰਾਇਣ ਸਿੰਘ ਨੂੰ ਅੱਜ ਜ਼ੁਬਾਨੀ ਵੋਟਾਂ ਨਾਲ ਸਦਨ ਦਾ ਡਿਪਟੀ ਚੇਅਰਮੈਨ ਚੁਣ ਲਿਆ। ਮੌਨਸੂਨ ਇਜਲਾਸ ਦੇ ਪਹਿਲੇ ਦਿਨ ਭਾਜਪਾ ਪ੍ਰਧਾਨ ਤੇ ਸਦਨ ਦੇ ਮੈਂਬਰ ਜੇ.ਪੀ.ਨੱਡਾ ਨੇ ਉਨ੍ਹਾਂ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਦੀ ਤਾਈਦ ਸਦਨ ਦੇ ਆਗੂ ਥਾਵਰਚੰਦ ਗਹਿਲੋਤ ਨੇ ਕੀਤੀ। ਵਿਰੋਧੀ ਪਾਰਟੀਆਂ ਨੇ ਹਰੀਵੰਸ਼ ਦੇ ਮੁਕਾਬਲੇ ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਡਿਪਟੀ ਚੇਅਰਮੈਨ ਦੀ ਚੋਣ ਮਗਰੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਰੀਵੰਸ਼ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀਵੰਸ਼ ਨੂੰ ਨਿਯੁਕਤੀ ਲਈ ਵਧਾਈ ਦਿੰਦਿਆਂ ਸਦਨ ਚਲਾਉਣ ਮੌਕੇ ਉਨ੍ਹਾਂ ਵੱਲੋਂ ਵਿਖਾਈ ਨਿਰਪੱਖਤਾ ਦਾ ਹਵਾਲਾ ਦਿੱਤਾ।