ਜਿੰਦਰ
ਜੀਵਨ ਲੋਅ 7
ਮੈਂ ਤੇਜ਼ੀ ਨਾਲ ਆਲੇ-ਦੁਆਲੇ ਨਜ਼ਰਾਂ ਘੁੰਮਾਈਆਂ। ਮੈਨੂੰ ਇਕ ਦੀਵਾ ਦਿਸ ਪਿਆ। ਪਤਾ ਨਹੀਂ ਕਿਸ ਨੂੰ ਵੱਡੇ ਪਿੱਪਲ ਦੀ ਯਾਦ ਆ ਗਈ ਹੋਵੇ। ਉਸ ਦੀਵਾਲੀ ਵਾਲੇ ਦਿਨ ਇੱਥੇ ਦੀਵਾ ਜਗਾਇਆ ਹੋਵੇ। ਦੀਵਾ ਮੂਧਾ ਪਿਆ ਸੀ। ਮੈਂ ਉਸ ਨੂੰ ਸਿੱਧਾ ਕੀਤਾ। ਜੰਮੀ ਹੋਈ ਮਿੱਟੀ ਨੂੰ ਨਹੁੰਆਂ ਨਾਲ ਖੁਰਚਿਆ। ਸਾਫ਼ ਕੀਤਾ। ਸੋਚਿਆ ਕਿ ਜਲੰਧਰ ਦੀ ਬੱਸ ਫੜਣ ਤੋਂ ਪਹਿਲਾਂ-ਪਹਿਲਾਂ ਰਾਮਦਿੱਤੇ ਦੇ ਮੁੰਡਿਆਂ ਦੀ ਦੁਕਾਨ ਤੋਂ ਸਰ੍ਹੋਂ ਦਾ ਤੇਲ ਤੇ ਬੱਤੀ ਲੈ ਕੇ ਵੱਡੇ ਪਿੱਪਲ ਵਾਲੀ ਥਾਂ ’ਤੇ ਦੀਵਾ ਜਗਾ ਕੇ ਜਾਵਾਂਗਾ। ਹੋ ਸਕਦਾ ਹੈ ਕਿ ਮੇਰੇ ਮਗਰ ਲੱਗ ਕੇ ਕੋਈ ਹੋਰ ਵੀ ਇੱਥੇ ਦੀਵੇ ਜਗਾਉਣੇ ਸ਼ੁਰੂ ਕਰ ਦੇਣ। ਮਨ ਹੀ ਮਨ ਕਿਹਾ, ‘‘ਹਾਂ, ਇੱਥੇ ਕਦੇ ਵੱਡਾ ਪਿੱਪਲ ਹੁੰਦਾ ਸੀ। ਸਾਨੂੰ ਯਾਦ ਆ।’’
ਮੈਂ ਘੁੱਟ ਕੇ ਅੱਖਾਂ ਮੀਚੀਆਂ। ਖੋਲ੍ਹੀਆਂ। ਫੇਰ ਮੀਚੀਆਂ। ਫੇਰ ਖੋਲ੍ਹੀਆਂ। ਫੇਰ ਮੀਚੀਆਂ… ਮੈਨੂੰ ਵਾਰ-ਵਾਰ ਭੁਲੇਖੇ ਪੈ ਰਹੇ ਸਨ। ਕੀ ਮੇਰੀ ਯਾਦਾਸ਼ਤ ਕਮਜ਼ੋਰ ਤਾਂ ਨਹੀਂ ਹੋ ਗਈ। ਨਹੀਂ, ਨਹੀਂ, ਅਜਿਹਾ ਨਹੀਂ ਹੈ। ਅਜੇ ਤਾਂ ਮੈਂ ਬਾਹਠਾਂ ਦਾ ਵੀ ਨਹੀਂ ਹੋਇਆ। ਮੇਰੇ ਵਿਚਕਾਰਲੇ ਤਾਇਆ ਜੀ ਦਾ ਮੁੰਡਾ ਗਿਰਧਾਰੀ ਲਾਲ ਕਹਿੰਦਾ ਹੁੰਦਾ, ‘‘ਤੇਰੀ ਉਮਰ ’ਚ ਤਾਂ ਮੈਂ ਚਿੜੀ-ਛਿੱਕਾ ਖੇਡਦਾ ਰਿਹਾਂ।’’ ਉਹ ਮੈਥੋਂ ਗਿਆਰ੍ਹਾਂ-ਬਾਰ੍ਹਾਂ ਸਾਲ ਵੱਡਾ ਹੈ। ਫੇਰ ਮੈਨੂੰ ਇਹ ਭੁਲੇਖੇ ਜਿਹੇ ਕਿਉਂ ਪੈ ਰਹੇ ਹਨ? ਮੈਂ ਤਾਂ ਕਈ ਸਾਲਾਂ ਬਾਅਦ ਆਪਣੇ ਜੱਦੀ ਪਿੰਡ ਲੱਧੜਾਂ ’ਚ ਵੱਡਾ ਪਿੱਪਲ ਦੇਖਣ ਆਇਆ ਸੀ। ਉਹਨੂੰ ਪਿੱਪਲ ਨਹੀਂ, ‘ਵੱਡਾ ਪਿੱਪਲ’ ਕਹਿੰਦੇ ਸਨ। ਉਹ ਵਾਕਿਆ ਹੀ ਵੱਡਾ ਸੀ। ਪਤਾ ਨਹੀਂ ਉਸ ਨੂੰ ਇਹ ਖਿਤਾਬ ਕਿਸ ਨੇ ਦਿੱਤਾ ਸੀ। ਜੇ ਦਿੱਤਾ ਸੀ ਤਾਂ ਸਹੀ ਹੀ ਦਿੱਤਾ ਸੀ।
ਹੁਣ ਉਹ ਕਿੱਥੇ ਹੈ?
ਮੈਂ ਚਹੁੰ ਪਾਸੀਂ ਨਜ਼ਰਾਂ ਘੁੰਮਾਈਆਂ। ਉਸ ਦਾ ਕਿਸੇ ਪਾਸੇ ਵੀ ਨਾਮੋ-ਨਿਸ਼ਾਨ ਨਾ ਦਿੱਸਿਆ। ਐਦਾਂ ਲੱਗਦਾ ਸੀ ਜਿੱਦਾਂ ਉਹਦਾ ਕਦੇ ਜਨਮ ਹੀ ਨਹੀਂ ਹੋਇਆ। ਉਹ ਜੁਆਨ ਨਹੀਂ ਹੋਇਆ। ਉਹ ਦੀ ਕੋਈ ਹੋਂਦ ਹੀ ਨਹੀਂ। ਮੈਨੂੰ ਯਾਦ ਆਇਆ ਕਿ ਅਗਸਤ 2012 ’ਚ ਮੈਂ ਸਾਂ ਫ੍ਰਾਂਸਿਸਕੋ ਤੋਂ ਫਲਾਈਟ ਲੈ ਕੇ ਪਾਮ ਸਪਰਿੰਗ ਏਅਰਪੋਰਟ ਉਤਰਿਆ ਸੀ। ਉੱਥੋਂ ਮੇਰੇ ਪਿੰਡ ਦੇ ਨਿਰਮਲ ਸਿੰਘ ਦਾ ਮੁੰਡਾ ਕਾਲਾ ਆਪਣੀ ਕਾਰ ’ਚ ਆਪਣੇ ਘਰੇ ਲੈ ਕੇ ਗਿਆ। ਜਾਂਦਿਆਂ-ਜਾਂਦਿਆਂ ਉਸ ਦੱਸਿਆ, ‘‘ਅੰਕਲ ਜੀ, ਅਮਰੀਕਾ ’ਚ ਕੋਈ ਬੰਦਾ ਆਪਣੀ ਮਰਜ਼ੀ ਨਾਲ ਦਰੱਖਤ ਨ੍ਹੀਂ ਵੱਢ ਸਕਦਾ। ਔਹ ਥਾਂ ਦੇਖੋ। ਕੋਈ ਇਹ ਥਾਂ ਮੁੱਲ ਲੈ ਕੇ ਮੌਲ ਬਣਾ ਰਿਹਾ। ਇੱਥੇ ਜਿੰਨੇ ਦਰੱਖਤ ਦਿੱਸਦੇ ਆ ਇਨ੍ਹਾਂ ਨੂੰ ਸਮੇਤ ਜੜਾਂ ਦੇ ਪਹਿਲਾਂ ਪੁੱਟਿਆ ਜਾਣਾ- ਫੇਰ ਉਨ੍ਹਾਂ ਨੂੰ ਦੂਜੀ ਥਾਂ ’ਤੇ ਲਾਉਣਾ ਪੈਣਾ।’’ ਮੈਂ ਪੁੱਛਿਆ, ‘‘ਇਹਦੇ ਤਾਂ ਬਹੁਤ ਖਰਚਾ ਆਊਗਾ।’’ ਉਹਨੇ ਦੱਸਿਆ, ‘‘ਇਹ ਮੌਲ ਬਣਾਉਣ ਵਾਲੇ ਨੇ ਦੇਖਣਾ।’’
ਜੇ ਹੁਣ ਇਹੀ ਸੁਆਲ ਵੱਡਾ ਪਿੱਪਲ ਪੁੱਛ ਲਵੇ ਤਾਂ ਮੈਂ ਕੀ ਜੁਆਬ ਦੇਵਾਂਗਾ। ਇਸ ਜੁਆਬ ਤੋਂ ਬਚਣ ਲਈ ਮੈਂ ਗੁਰਦੁਆਰੇ ਵੱਲ ਦੇਖਣ ਲੱਗਾ। ਗੁਰਦੁਆਰੇ ਦੀ ਨਵੀਂ ਬਿਲਡਿੰਗ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਪਿੰਡ ਵਲੈਤੀਆਂ ਦਾ ਹੈ। ਇੱਥੋਂ ਦੇ ਲੋਕ ਖਾਂਦੇ-ਪੀਂਦੇ ਘਰਾਂ ਨਾਲ ਸੰਬੰਧ ਰੱਖਦੇ ਹਨ। ਗੁਰੂ ਘਰ ਪ੍ਰਤੀ ਉਨ੍ਹਾਂ ਦੀ ਸ਼ਰਧਾ, ਪਹਿਲਾਂ ਨਾਲੋਂ ਵਧ ਗਈ ਹੈ। ਹੁਣ ਉਹ ਵੇਲੇ ਤਾਂ ਰਹੇ ਨਹੀਂ, ਜਦੋਂ ਅਖੰਡਪਾਠ ਜਾਂ ਕਿਸੇ ਗੁਰੂ ਦੇ ਜਨਮ ਪੁਰਬ ’ਤੇ ਵੱਡੇ ਸਾਰੇ ਪੱਖੇ ਨਾਲ ਸੰਗਤ ਨੂੰ ਝਲ ਮਾਰੀ ਜਾਂਦੀ ਸੀ। ਹੁਣ ਤਾਂ ਏ.ਸੀ. ਗਰਮੀ ਨੂੰ ਲਾਗੇ ਨਹੀਂ ਲੱਗਣ ਦਿੰਦੇ।
ਮੈਨੂੰ ਐਦਾਂ ਲੱਗਾ ਜਿੱਦਾਂ ਕਿਸੇ ਨੇ ਮੇਰੇ ਸੱਜੇ ਮੋਢੇ ’ਤੇ ਹੱਥ ਰੱਖ ਕੇ ਹੌਲੀ-ਹੌਲੀ ਕਿਹਾ ਹੋਵੇ, ‘‘ਪਾੜ੍ਹਿਆ, ਤੂੰ ਤਾਂ ਮੈਨੂੰ ਮਿਲਣ ਆਇਆ ਸੀ।’’
‘‘’ਜੀ,’’ ਮੇਰੇ ਮੂੰਹੋਂ ਨਿਕਲ ਗਿਆ।
‘‘ਫੇਰ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰ।’’
ਮੈਂ ਉਸ ਥਾਂ ਵੱਲ ਦੇਖਿਆ। ਉੱਥੇ ਤਾਂ ਕੁਝ ਵੀ ਨਹੀਂ ਸੀ। ਗੁਰਦੁਆਰੇ ਵੱਲ ਜਾਂਦੇ ਰਾਹ ਨੂੰ ਪੱਧਰਾ ਕੀਤਾ ਹੋਇਆ। ਦੋਵੇਂ ਪਾਸੀਂ ਗਿਆਰ੍ਹਾਂ-ਬਾਰ੍ਹਾਂ ਨਵੇਂ ਹੀ ਤਰ੍ਹਾਂ ਦੇ ਦਰੱਖਤਾਂ ਦੇ ਬੂਟੇ ਲਾਏ ਸਨ। ਵੱਡੇ ਛੱਪੜ ਵੱਲੋਂ ਪਾਈਪ ਪਾ ਕੇ ਵੱਡੇ ਪਿੱਪਲ ਦੇ ਚੜ੍ਹਦੇ ਪਾਸੇ ਵੱਲ ਨੂੰ ਪਾਣੀ ਆ ਰਿਹਾ। ਵੱਡੇ ਛੱਪੜ ਵਾਲੀ ਥਾਂ ’ਤੇ ਪਾਣੀ ਵਾਲਾ ਘਾਹ ਦਿਸ ਰਿਹਾ। ਲੱਗਦਾ ਹੀ ਨਹੀਂ ਕਿ ਇੱਥੇ ਕਦੇ ਵੱਡੇ ਪਿੱਪਲ ਦੀ ਹੋਂਦ ਵੀ ਰਹੀ ਹੋਵੇਗੀ। ਮੈਂ ਇਕਦਮ ਉਸ ਥਾਂ ਵੱਲ ਦੇਖਣਾ ਛੱਡ ਦਿੱਤਾ। ਜਿੱਦਾਂ ਮੈਂ ਆਪ ਉਸ ਦੀ ਮੌਤ ਦੀ ਸਾਜ਼ਿਸ਼ ’ਚ ਸ਼ਾਮਿਲ ਹੋਵਾਂ। ਫੇਰ ਮੇਰੇ ਧੁਰ ਅੰਦਰੋਂ ਨਿਕਲਿਆ, ‘‘ਤੈਨੂੰ ਤਾਂ ਇਸ ਵੇਲੇ ਇੱਥੇ ਹੋਣਾ ਚਾਹੀਦਾ ਸੀ।’’ ਮੈਂ ਉਸ ਦੀ ਜੁਆਨੀ ਨੂੰ ਢਲਦਿਆਂ ਦੇਖਿਆ ਸੀ। ਉਦੋਂ ਵੀ ਉਸ ਇਕ ਵਾਰ ਕਿਹਾ ਸੀ, ‘‘ਦਰੱਖਤ ਕਦੇ ਬੁੱਢੇ ਨ੍ਹੀਂ ਹੁੰਦੇ, ਬਸ਼ਰਤੇ ਉਨ੍ਹਾਂ ਨੂੰ ਸਾਂਭਣ ਵਾਲਾ ਹੋਵੇ।… ਮੈਂ ਅਜੇ ਜੁਆਨ ਆਂ…।’’ ਪਤਾ ਨਹੀਂ ਕਿਉਂ ਜਦੋਂ ਵੀ ਮੈਂ ਉਸ ਵੱਲ ਦੇਖਦਾ ਤਾਂ ਮੈਨੂੰ ਉਹ ਬੁੱਢਾ-ਬੁੱਢਾ ਲੱਗਦਾ। ਉਸ ਦੁਆਲੇ ਤਿੰਨ-ਚਾਰ ਫੁੱਟ ਉੱਚਾ ਬਣਾਇਆ ਪੱਕਾ ਥੜਾ ਢਹਿਣਾ ਸ਼ੁਰੂ ਹੋ ਗਿਆ ਸੀ। ਇਸ ਦੀ ਸ਼ੁਰੂਆਤ ਪੱਛਮ ਵੱਲੋਂ ਹੋਈ ਸੀ। ਇਸੇ ਪਾਸੇ ਵੱਡਾ ਛੱਪੜ ਸੀ। ਕਈ ਵਾਰ ਛੱਪੜ ’ਚੋਂ ਨਿਕਲੀਆਂ ਮੱਝਾਂ ਜਾਂ ਕੱਟੀਆਂ ਉਸ ’ਤੇ ਜਾ ਚੜ੍ਹਦੀਆਂ ਤੇ ਬੈਠ ਜਾਂਦੀਆਂ। ਉਨ੍ਹਾਂ ਦੇ ਸਿੰਙਾਂ ਪਿੱਛੇ ਲੱਗੀਆਂ ਚਿਚੜੀਆਂ ਜ਼ਿਆਦਾ ਹੀ ਲੜਦੀਆਂ ਤਾਂ ਉਹ ਹੌਲੀ-ਹੌਲੀ ਆਪਣੇ ਸਿੰਙ ਵੱਡੇ ਪਿੱਪਲ ਦੇ ਤਣੇ ਨਾਲ ਮਾਰਦੀਆਂ। ਬੱਕਰੀਆਂ ਅਕਸਰ ਦੌੜੀਆਂ ਫਿਰਦੀਆਂ।
ਸਾਡੇ ਪਾਸੇ ’ਚ ਵੱਡਾ ਪਿੱਪਲ ਇਕ ਸਾਂਝ ਦਾ ਕੇਂਦਰ ਬਿੰਦੂ ਸੀ। ਇਹ ਪਿੰਡ ਦੇ ਬਿਲਕੁਲ ਬਾਹਰਲੇ ਪਾਸੇ ਸੀ। ਪੱਛਮ ਵੱਲ ਪਿੰਡ ਸੀ। ਦੱਖਣ ਪਾਸੇ ਗੁਰਦੁਆਰਾ। ਚੜ੍ਹਦੇ ਪਾਸੇ ਫਿਰਨੀ ‘ਤੇ ਬਣਿਆ ਸਕੂਲ। ਪੂਰਬ ਵੱਲ ਘਰ ਸਨ। ਜਦੋਂ ਪਿੰਡ ਫੈਲਣ ਲੱਗਾ ਤਾਂ ਖਰਾਸ ਵਾਲੀ ਥਾਂ ’ਤੇ ਅੱਛਰੂ ਕਿਆਂ ਨੇ ਦੋ ਕਮਰੇ, ਵਾਹਵਾ ਸਾਰੀ ਭਰਤੀ ਪਾ ਕੇ, ਬਣਾ ਲਏ। ਉਨ੍ਹਾਂ ਦੇ ਨਾਲ ਦੀ ਥਾਂ ਮਿਸਤਰੀ ਊਦਮ ਸਿੰਘ ਨੇ ਖਰੀਦ ਲਈ। ਫੇਰ ਬਚਨੇ ਕਾ ਟੱਬਰ ਵੀ ਬਾਹਰ ਆ ਗਿਆ। ਭਜਨੇ ਹੋਰਾਂ ਨੇ ਵੀ ਪੂਰੇ ਖੇਤ ’ਚ ਆਪਣੇ ਪੱਕੇ ਮਕਾਨ ਬਣਾ ਲਏ। ਇਹ ਦਿਨ ਵੱਡੇ ਪਿੱਪਲ ਲਈ ਬੜੇ ਖ਼ੁਸ਼ੀ ਦੇ ਦਿਨ ਸਨ। ਉਹ ਜਿੱਧਰ ਵੀ ਨਜ਼ਰ ਮਾਰਦਾ ਬਾਗੋ-ਬਾਗ ਹੋ ਜਾਂਦਾ। ਉਸ ਨੂੰ ਆਲਾ-ਦੁਆਲਾ ਭਰਿਆ-ਭਰਿਆ ਲੱਗਦਾ।
‘‘ਇੱਥੇ ਫੁੰਮਣ ਅਖਾੜਾ ਲਾਉਂਦਾ ਹੁੰਦਾ ਸੀ,’’ ਮੈਨੂੰ ਭਾਪਾ ਜੀ ਦਾ ਦੱਸਿਆ ਯਾਦ ਆਇਆ। 1947 ਦੀ ਵੰਡ ਤੋਂ ਪਹਿਲਾਂ, ਫੁੰਮਣ ਗੁੱਜਰ ਕਦੇ ਕਦੇ ਮੂਡ ’ਚ ਆਇਆ, ਕਦੇ-ਕਦੇ ਯਾਰਾਂ-ਬੇਲੀਆਂ ਦੇ ਜ਼ੋਰ ਦੇਣ ’ਤੇ ਵਾਰਿਸ ਸ਼ਾਹ ਦੀ ਹੀਰ ਅਲਗੋਜ਼ਿਆਂ ਸੰਗ ਗਾਉਂਦਾ। ਪੂਰਨ ਭਗਤ ਦਾ ਕਿੱਸਾ ਛੇੜਦਾ ਤਾਂ ਲੋਕਾਂ ਨੂੰ ਰੋਣ ਲਾ ਦਿੰਦਾ। ਉਦੋਂ ਵੱਡਾ ਪਿੱਪਲ ਭਰ ਜੁਆਨ ਸੀ। ਉਹ ਵੀ ਲੋਕਾਂ ਸੰਗ ਝੂੰਮ ਉੱਠਦਾ। ਜਿਸ ਦੇ ਵਿਹੜੇ ’ਚ ਗਾਉਣ ਪਾਣੀ ਲੱਗਾ ਹੋਵੇ, ਦੱਸੋ, ਉਹ ਭਲਾ ਕਿੱਦਾਂ ਨਹੀਂ ਖ਼ੁਸ਼ ਹੋਵੇਗਾ।
ਉਹ ਇਸ ਗੱਲ ਦਾ ਗਵਾਹ ਸੀ ਕਿ 1947 ਦੇ ਰੌਲਿਆਂ ਵੇਲੇ ਇਸ ਪਿੰਡ ’ਚ ਕੋਈ ਕਤਲੋਗਾਰਤ ਨਹੀਂ ਹੋਈ ਸੀ।
ਗਰਮੀਆਂ ਦੀਆਂ ਦੁਪਹਿਰਾਂ ’ਚ ਇਸ ਦੀ ਛਾਂ ਹੇਠ ਢੋਲੇ ਦੀਆਂ ਗਾਈਆਂ ਜਾਂਦੀਆਂ। ਤਿੰਨ ਪਾਸੇ ਕੀਲੇ ਗੱਡ ਕੇ ਪਸ਼ੂ ਬੱਝਦੇ। ਬੱਕਰੀਆਂ ਦਾ ਇੱਜੜ ਆ ਬੈਠਦਾ। ਚੌਥੇ ਪਾਸੇ ਬੰਦਿਆਂ ਦੀਆਂ ਪੰਜ-ਸੱਤ ਟੋਲੀਆਂ ਹੁੰਦੀਆਂ। ਕਈ ਤਾਸ਼ ਦੀ ਢਾਹਣੀ ਜੰਮਾਈ ਬੈਠੇ ਹੁੰਦੇ। ਕਈ ਗੋਲਿਆਂ ਨਾਲ ਨੱਕਾ ਪੂਰ ਖੇਡਦੇ। ਕਿਸੇ ਨੇ ਕੋਈ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਹੁੰਦੀ। ਉਸ ਦੇ ਆਲੇ-ਦੁਆਲੇ ਬੈਠੇ ਹੁੰਗਾਰਾ ਭਰਦੇ। ਨਿਆਣੇ ਸੱਜੇ-ਖੱਬੇ ਦੌੜਦੇ ਫਿਰਦੇ। ਕੋਈ ਤਿੰਨ ਇੱਟਾਂ ਰੱਖ ਕੇ ਚਾਹ ਦਾ ਪਤੀਲਾ ਧਰ ਦਿੰਦਾ। ਅੱਖ ਬਚਾ ਕੇ ਕਿਸੇ ਦੀ ਸ਼ੀਲ ਗਾਂ ਚੋਅ ਲੈਂਦਾ। ਜਾਂ ਪੈਰ ਦੇ ਅੰਗੂਠੇ ਨਾਲ ਬਕਰੀ ਦੀ ਇੱਕ ਲੱਤ ਫੜ ਕੇ ਕੁਮੰਡਲ ਭਰ ਲੈਂਦਾ। ਵਾਰ-ਵਾਰ ਅੱਗੇ-ਪਿੱਛੇ ਦੇਖਦਾ ਕਿ ਕਿਤੇ ਪਿੰਡ ਨੂੰ ਗਿਆ ਚੰਨਣ ਜਾਂ ਕੇਸਰ ਤਾਂ ਨਹੀਂ ਆ ਰਿਹਾ। ਥੜ੍ਹੇ ’ਤੇ ਸਾਫਾ ਵਿਛਾ ਕੇ ਕਈ ਜਣੇ ਸੌਂ ਜਾਂਦੇ। ਜਦੋਂ ਟਾਹਣੀਆਂ ’ਤੇ ਬੈਠਾ ਕਾਂ, ਚਿੜੀ ਜਾਂ ਘੁੱਗੀ ਬਿੱਠ ਕਰਦੀ ਤਾਂ ਉਹ ਗਾਲ੍ਹਾਂ ਕੱਢਦਾ ਉੱਠਦਾ। ਹੇਠਾਂ ਡਿੱਗਿਆ ਪੱਤਾ ਚੁੱਕਦਾ। ਬਿੱਠ ਪੂੰਝ ਕੇ ਫੇਰ ਪਾਸਾ ਲੈ ਕੇ ਸੌਂ ਜਾਂਦਾ। ਤਾਸ਼ ਖੇਡਣ ਵਾਲੀ ਢਾਹਣੀ ’ਚ ਵਾਰ-ਵਾਰ ਰੌਲਾ ਪੈਂਦਾ। ਖ਼ਾਸ ਕਰਕੇ ਉਦੋਂ, ਜਦੋਂ ਕੋਈ ਭਾਬੀ ਬਣਦਾ ਜਾਂ ਗੋਲੇ ਖੇਡਣ ਵਾਲੇ ਹੇਠਾਂ ਉੱਤੇ ਹੁੰਦੇ ਤਾਂ ਟਾਹਣੀਆਂ ’ਤੇ ਬੈਠੇ ਕਾਂ ਵੀ ਕਾਂ-ਕਾਂ ਕਰਨ ਲੱਗ ਪੈਂਦੇ। ਜਿੱਦਾਂ ਉਨ੍ਹਾਂ ਦਾ ਸਾਥ ਦੇ ਰਹੇ ਹੋਣ। ਜਦੋਂ ਪੱਛਮ ਵੱਲੋਂ ਆਏ ਤੇਜ਼ ਬੁੱਲ੍ਹੇ ਨਾਲ ਪਿੱਪਲ ਦੀਆਂ ਟਾਹਣੀਆਂ ਹਿਲਦੀਆਂ ਤਾਂ ਥੜ੍ਹੇ ’ਤੇ ਪਿਆਂ ’ਚੋਂ ਕੋਈ ਨਾ ਕੋਈ ਅਵੱਸ਼ ਹੀ ਕਹਿ ਉੱਠਦਾ: ‘‘ਜਿਊਂਦਾ ਰਹਿ ਸ਼ੇਰਾ, ਸਾਨੂੰ ਤਾਂ ਤੇਰਾ ਰੱਬ ਜਿੰਨਾ ਆਸਰਾ। ਦੇਖੀਂ- ਹੁਣ ਹਿਲਣੋਂ ਹਟੀ ਨਾ।’’ ਦੁਰਗਾ ਦਾਸ ਕਿੱਸਾ ਪੜ੍ਹਦਾ। ਨਿਆਣੇ ਬਾਰਾਂ ਟਹਿਣੀ ਖੇਡਦੇ। ਪਿਆਰੇ ਲਾਲ ਦੇ ਵਿਆਹ ’ਤੇ ਰਾਵਾਂਖੇਲਾਂ ਵਾਲੇ ਦਰਸ਼ਨ ਨੇ ਅਖਾੜਾ ਲਾਇਆ ਸੀ। ਮੀਂਹ ਪੈਣੇ ਸ਼ੁਰੂ ਹੋ ਜਾਂਦੇ ਤਾਂ ਬਹੁਤੇ ਉਸ ਦੇ ਮੋਟੇ ਤਣੇ ਹੇਠਾਂ, ਉਸ ਨਾਲ ਲੱਗ ਕੇ ਖੜ੍ਹ ਜਾਂਦੇ। ਉਹ ਵੀ ਆਪਣਾ ਪੂਰਾ ਫਰਜ਼ ਨਿਭਾਉਂਦਾ। ਕਿਸੇ ਨੂੰ ਵੀ ਭਿੱਜਣ ਨਾ ਦਿੰਦਾ। ਜਾਨਵਰਾਂ ਨੇ ਤਾਂ ਉਸ ’ਚ ਪੱਕੀਆਂ ਹੀ ਖੁੱਡਾਂ ਬਣਾਈਆਂ ਹੋਈਆਂ ਸਨ। ਤੋਤੇ ਆਪਣੇ ਬੱਚੇ ਪਾਲਦੇ। ਕਾਂ, ਧੁਰ ਸਿਖਰ ’ਤੇ ਆਪਣੇ ਆਲ੍ਹਣੇ ਬਣਾਉਂਦੇ। ਕਬੂਤਰ, ਘੁੱਗੀ ਜਾਂ ਸ਼ਾਰਕਾਂ ਆਲ੍ਹਣਾ ਬਣਾਉਂਦੇ। ਆਂਡੇ ਦਿੰਦੇ। ਕਾਂ ਖਾ ਜਾਂਦੇ। ਕਈ ਵਾਰ ਉਨ੍ਹਾਂ ਦੇ ਬੱਚੇ ਵੀ ਹੇਠਾਂ ਡਿੱਗ ਪੈਂਦੇ।
ਸਰਦੀਆਂ ’ਚ ਵੱਡੇ ਪਿੱਪਲ ਹੇਠਾਂ ਬੇਰੌਣਕੀ ਹੋ ਜਾਂਦੀ। ਉਸ ਦੇ ਪੱਤੇ ਝੜਣੇ ਸ਼ੁਰੂ ਹੋ ਜਾਂਦੇ। ਵੱਡੇ ਟਾਹਣਿਆਂ ਦੇ ਸੱਕ ਡਿੱਗਣ ਲੱਗਦੇ। ਇਹ ਸੱਕ ਹੁੱਕਾ ਪੀਣ ਵਾਲੇ ਚੁੱਕ ਕੇ ਲੈ ਜਾਂਦੇ। ਇਨ੍ਹਾਂ ਦੀ ਅੱਗ ਬਾਲਦੇ। ਚਿਲਮਾਂ ਭਰਦੇ ਤੇ ਅਸ਼-ਅਸ਼ ਕਰ ਉੱਠਦੇ। ਮੇਰੇ ਵੱਡੇ ਤਾਇਆ ਜੀ ਕਹਿੰਦੇ, ‘‘ਪਿੱਪਲ ਤੇ ਕਿੱਕਰ ਦੇ ਸੱਕਾਂ ਦੀ ਧਰੀ ਹੋਈ ਚਿਲਮ ਤਾਂ ਧੰਨ-ਧੰਨ ਕਰਵਾ ਦਿੰਦੀ ਆ। ਬਲਿਹਾਰੇ ਜਾਈਏ ਕੁਦਰਤ ਦੇ। ਬਲਿਹਾਰੇ ਜਾਈਏ ਇਸ ਵੱਡੇ ਪਿੱਪਲ ਦੇ- ਜਿਹੜਾ ਸਾਡਾ ਖਿਆਲ ਰੱਖਦਾ।’’ ਫਰਵਰੀ ਚੜ੍ਹਦਿਆਂ ਹੀ ਇਸ ਦੀਆਂ ਕਰੂੰਬਲਾਂ ਫੁੱਟਣ ਲੱਗਦੀਆਂ। ਦਿਨਾਂ ’ਚ ਹੀ ਇਹ ਹਰਿਆ-ਭਰਿਆ ਹੋ ਜਾਂਦਾ। ਟਹਿਕਣ ਲੱਗਦਾ। ਜਿੱਦਾਂ ਕਹਿ ਰਿਹਾ ਹੋਵੇ- ਮੈਨੂੰ ਪਤਾ ਤੁਹਾਨੂੰ ਮੇਰੀ ਕਿੰਨੀ ਲੋੜ ਪੈਣੀ ਹੈ। ਆ ਜਾਓ- ਆ ਜਾਓ- ਮੈਂ ਤਿਆਰ ਹੋ ਰਿਹਾਂ। ਦੀਵਾਲੀ ਨੂੰ ਇਸ ਹੇਠ ਜਗਾਏ ਦੀਵਿਆਂ ਨਾਲ ਆਲੇ-ਦੁਆਲੇ ਜਗਮਗ-ਜਗਮਗ ਹੋ ਜਾਂਦੀ।
ਜਨੇਤ ਦਾ ਉਤਾਰਾ ਸਕੂਲ ’ਚ ਹੁੰਦਾ ਜਾਂ ਗੁਰਦੁਆਰੇ ’ਚ, ਰੌਣਕਾਂ ਵੱਡੇ ਪਿੱਪਲ ਹੇਠਾਂ ਹੀ ਲੱਗਦੀਆਂ। ਸਿਗਰੇਟ-ਬੱਤੀ ਪੀਣ ਵਾਲੇ ਇਸ ਦੇ ਓਹਲੇ ’ਚ ਹੀ ਆਪਣਾ ਭੁੱਸ-ਪੂਰਾ ਕਰਦੇ। ਥੜ੍ਹੇ ਦੇ ਉਪਰ ਮੰਜੇ ਡਾਹ ਲੈਂਦੇ। ਮਰਾਸੀ ਪ੍ਰਾਹੁਣੇ ਦੇ ਪਿਉ ਨੂੰ ਇਸ ਦੇ ਹੇਠਾਂ ਹੀ ਆ ਘੇਰਦੇ। ਵਿਚ-ਵਿਚਾਲੇ ਲਾਗੀ ਵੀ ਆਪਣਾ ਦਾਅ ਲਾ ਜਾਂਦੇ। ਮਰਾਸੀ ਹੱਸਾ-ਹੱਸਾ ਕੇ ਢਿੱਡ ਦੁਖਣ ਲਾ ਦਿੰਦੇ। ਇਸ਼ਾਰਿਆਂ ਨਾਲ ਜਨੇਤੀਆਂ ਕੋਲੋਂ ਪੈਸੇ ਕਢਵਾਉਂਦੇ। ਸਰਦੇ-ਪੁਜਦੇ ਘਰਾਂ ਵਾਲੇ ਆਪਣੇ ਹੀ ਨਕਲੀਏ ਲੈ ਆਉਂਦੇ। ਪਿੱਛੋਂ ਜਾ ਕੇ ਗਾਉਣ ਵਾਲੇ ਵੀ ਆਉਣ ਲੱਗੇ। ਇਨ੍ਹਾਂ ਦਿਨਾਂ ’ਚ, ਜਿਨ੍ਹਾਂ ਦੇ ਘਰੇ ਵਿਆਹ ਹੁੰਦਾ, ਉਨ੍ਹਾਂ ਦੀਆਂ ਜਨਾਨੀਆਂ, ਕੁੜੀਆਂ ਤੇ ਬੁੜ੍ਹੀਆਂ ਇਕੱਠੀਆਂ ਹੋ ਕੇ ਵੱਡੇ ਪਿੱਪਲ ਦਾ ਆਲਾ-ਦੁਆਲਾ ਸੰਵਾਰ ਜਾਂਦੀਆਂ। ਚੀਕਣੀ ਮਿੱਟੀ ਨਾਲ ਪੋਚਾ ਦਿੰਦੀਆਂ। ਥੜ੍ਹੇ ’ਤੇ ਗੋਹਾ ਮਿੱਟੀ ਫੇਰਦੀਆਂ। ਥੜ੍ਹੇ ਦੀਆਂ ਕੰਧਾਂ ’ਤੇ ਕੂਚੀ ਨਾਲ ਕਲੀ ਕਰਦੀਆਂ। ਜਿੱਥੇ ਕਿਤੇ ਵੀ ਪੱਕੇ ਰੋੜ ਮਿਲਦੇ ਚੁੱਕ ਚੁੱਕ ਕੇ ਛੱਪੜ ’ਚ ਸੁੱਟ ਆਉਂਦੀਆਂ। ਜੇ ਕੋਈ ਗਰਭਵਤੀ ਹੁੰਦੀ ਤਾਂ ਰੇੜੀਆਂ ਵਾਂਗੂੰ ਰੋੜ ਚੱਬ ਜਾਂਦੀ। ਕੁਝ ਇੱਕ, ਦੂਜੀਆਂ ਤੋਂ ਅੱਖ ਬਚਾ ਕੇ, ਜੇਬ ’ਚ ਪਾ ਲੈਂਦੀਆਂ ਜਾਂ ਚੁੰਨੀ ਦੇ ਲੜ ਨਾਲ ਬੰਨ੍ਹ ਲੈਂਦੀਆਂ। ਵੱਡਾ ਪਿੱਪਲ ਉਨ੍ਹਾਂ ਨੂੰ ਦੇਖ-ਦੇਖ ਮਸਤ ਹੋ ਜਾਂਦਾ। ਹੌਲੀ-ਹੌਲੀ ਆਪਣੀਆਂ ਟਾਹਣੀਆਂ ਹਿਲਾਉਂਦਾ। ਕਿਤੇ ਕੋਈ ਛੋਟੀ ਟਾਹਣੀ ਜਾਂ ਪੱਤਾ ਨਾ ਡਿੱਗ ਪਵੇ। ਜੇ ਛੋਟੀ ਟਾਹਣੀ ਡਿੱਗ ਪੈਂਦੀ ਤਾਂ ਸਿਆਣੀ ਜਨਾਨੀ ਚੁੱਕ ਕੇ ਇਕ ਪਾਸੇ ਰੱਖ ਦਿੰਦੀ। ਮੁਟਿਆਰ ਗੁੱਸੇ ਨਾਲ ਉਤਾਂਹ ਝਾਕਦੀ। ਕੋਈ ਜਾਨਵਰ ਨਾ ਦੇਖ ਕੇ ਆਲਾ ਦੁਆਲਾ ਦੇਖਦੀ। ਵੱਡਾ ਪਿੱਪਲ ਆਪਣੇ ਆਪ ਨਾਲ ਗੱਲੀਂ ਪੈਂ ਜਾਂਦਾ, ‘‘ਕਮਲੀ ਨਾ ਹੋਵੇ ਤਾਂ। ਇਹਨੂੰ ਕੋਈ ਪੁੱਛਣ ਵਾਲਾ ਹੋਵੇ ਤੇਰੇ ਵਰਗੀ ਸੋਹਣੀ ਮੁਟਿਆਰ ਦੇਖ ਕੇ, ਕੋਈ ਫੁੱਲ ਮਾਰਣ ਲੱਗਾ ਵੀ ਸੌ ਵਾਰੀ ਸੋਚੂਗਾ। ਟਾਹਣੀ ਤਾਂ ਆਪਣੇ ਆਪ ਟੁੱਟ ਕੇ ਡਿੱਗੀ ਆ। ਹੈਂ! ਮੈਂ ਐਡਾ ਵੱਡਾ ਪਾਪ ਕਰ ਸਕਦਾਂ। ਕਦੇ ਵੀ ਨ੍ਹੀਂ। ਮੈਂ ਕੀ ਮੇਰਾ ਵੱਡਾ ਵਡੇਰਾ ਵੀ ਨ੍ਹੀਂ ਕਰ ਸਕਦਾ…।’’
ਸਾਉਣ-ਭਾਦੋਂ ’ਚ ਉਸ ਦਾ ਆਲਾ-ਦੁਆਲਾ ਪਾਣੀ ਨਾਲ ਭਰ ਜਾਂਦਾ। ਕੋਲ ਦੀ ਲੰਘਦਾ ਗੁਰਦੁਆਰੇ ਵਾਲਾ ਰਾਹ ਬੰਦ ਹੋ ਜਾਂਦਾ। ਪੱਕਿਆਂ ਵਾਲਿਆਂ ਦੇ ਜੀਤੂ ਦੇ ਘਰ ਤੋਂ ਲੈ ਕੇ ਫਿਰਨੀ ਤੱਕ ਪਾਣੀ ਹੀ ਪਾਣੀ ਹੁੰਦਾ ਜਾਂ ਪਾਣੀ ’ਤੇ ਤੈਰਦੀ ਹਰਿਆਲੀ। ਮਿਸਤਰੀਆਂ ਦੇ ਮੁੰਡੇ ਸੁੱਚਾ, ਪੋਲਾ, ਨਿੱਕਾ, ਮਾਸਟਰਾਂ ਦੇ ਦੇਬੂ, ਪੱਪਾ, ਅਰੋੜਿਆਂ ਦਾ ਗੁਲਸ਼ੀ ਖੁੱਲ੍ਹੇ ਪਾਣੀ ’ਚ ਦੌੜੇ ਫਿਰਦੇ। ਲੱਕੜ ਦੇ ਇਕ ਵੱਡੇ ਮੋਸ਼ੇ ਨੂੰ ਪਾਣੀ ’ਚ ਰੋੜ ਕੇ ਉਪਰ ਜਾ ਬੈਠਦੇ। ਥੱਕ ਜਾਂਦੇ ਤਾਂ ਵੱਡੇ ਪਿੱਪਲ ਦੇ ਥੜ੍ਹੇ ’ਤੇ ਖੜ੍ਹ ਕੇ ਦੋ ਘੜੀਆਂ ਅਰਾਮ ਕਰਦੇ। ਫੇਰ ਦੇਖਦੇ ਕਿ ਹੁਣ ਕਿਸ ਪਾਸੇ ਤਾਰੀਆਂ ਲਾਈਆਂ ਜਾਣ। ਇਸ ਦੇ ਉੱਤਰ ਵਾਲੇ ਪਾਸੇ ਵੱਡੇ ਟੋਏ ਸਨ। ਉਸ ਪਾਸੇ ਵੱਲ ਕੋਈ ਮੂੰਹ ਨਾ ਕਰਦਾ। ਇਨ੍ਹਾਂ ਮੁੰਡਿਆਂ ਵੱਲ ਦੇਖ ਕੇ ਉਹ ਕੁਝ ਘੜੀਆਂ ਫੁੱਲਿਆ ਨਾ ਸਮਾਉਂਦਾ। ਬਾਕੀ ਸਾਰਾ ਸਮਾਂ ਤਾਂ ਪਾਣੀ ਹੀ ਪਾਣੀ ਹੁੰਦਾ। ਕੋਈ ਲਾਗੇ ਨਾ ਆਉਂਦਾ।
1970 ਤੋਂ ਬਾਅਦ ਪਿੰਡ ’ਚ ਵੱਡੀਆਂ ਤਬਦੀਲੀਆਂ ਆਉਣ ਲੱਗੀਆਂ। ਘਰਾਂ ’ਚ ਬਿਜਲੀ ਵਾਲੇ ਲਾਟੂ ਜਗਣ ਲੱਗੇ। ਸਭ ਤੋਂ ਪਹਿਲਾਂ ਮਾਸਟਰਾਂ ਦੇ ਜੋਗਿੰਦਰ ਸਿੰਘ ਨੇ ਪਾਣੀ ਵਾਲੀ ਮੋਟਰ ਲਗਵਾਈ। ਐਸਕੋਰਟ ਟ੍ਰੈਕਟਰ ਖਰੀਦਿਆ। ਫੇਰ ਦੇਖਦਿਆਂ ਹੀ ਦੇਖਦਿਆਂ ਮੇਰੇ ਮਾਮਾ ਜੀ ਸ. ਚੂੜ ਸਿੰਘ ਨੇ ਟਿੱਬਿਆਂ ’ਚ ਕਈ ਬੋਰ ਕੀਤੇ। ਇੰਜਣਾਂ ਦੀ ਫੱਕ-ਫੱਕ ਦੂਰ ਦੂਰ ਤੱਕ ਸੁਣਾਈ ਦੇਣ ਲੱਗੀ। ਨਾਲਾਂ ’ਚੋਂ ਨਿਕਲਦਾ ਪਾਣੀ ਦੂਰੋਂ ਹੀ ਦਿੱਸਣ ਲੱਗਾ। ਲੋਕ ਆਪਣੇ ਪਸ਼ੂਆਂ ਨੂੰ ਛੱਪੜ ’ਚੋਂ ਪਾਣੀ ਪਿਲਾਉਣੋਂ ਹਟਣ ਲੱਗੇ। ਵੱਡੇ ਪਿੱਪਲ ਹੇਠਾਂ ਪਸ਼ੂ ਬਝਣੋਂ ਹਟ ਗਏ। ਬਕਰੀਆਂ ਦਾ ਇੱਜੜ ਵੀ ਵੱਧ-ਘੱਟ ਹੀ ਆਉਂਦਾ। ਪਹਿਲਾਂ ਤਾਂ ਹਰੇਕ ਜਣਾ ਜ਼ਮੀਨ ਵਾਹ ਕੇ ਆਪਣੀ ਜੋਤ ਸਣੇ ਛੱਪੜ ’ਤੇ ਆਉਂਦਾ ਸੀ। ਬਲਦ ਜਾਂ ਝੋਟੇ ਪਾਣੀ ਪੀਂਦੇ। ਹਾਲੀ ਦੋ ਘੜੀਆਂ ਵੱਡੇ ਪਿੱਪਲ ਹੇਠਾਂ ਬੈਠ ਕੇ ਆਪਣਾ ਮੁੜ੍ਹਕਾ ਸੁਕਾਉਂਦੇ। ਕਈ ਤਾਂ ਉਨ੍ਹਾਂ ਨੂੰ ਪਿੱਪਲ ਦੀ ਛਾਂ ਹੇਠ ਹੀ ਬੰਨ੍ਹ ਦਿੰਦੇ। ਵਿਚ-ਵਿਚਾਲੇ ਉਨ੍ਹਾਂ ਦੀ ਰੋਟੀ ਵੀ ਉੱਥੇ ਹੀ ਆ ਜਾਂਦੀ। ਹੁਣ ਉੱਥੇ ਬੇਰੋਣਕੀ ਦਿਸਣ ਲੱਗੀ ਸੀ।
ਸ਼ਾਇਦ ਉਦੋਂ ਹੀ ਵੱਡੇ ਪਿੱਪਲ ਨੇ ਆਪਣੇ-ਆਪ ਨੂੰ ਬੁੱਢਾ ਸਮਝਣਾ ਸ਼ੁਰੂ ਕੀਤਾ ਸੀ।
ਮੈਨੂੰ ਭੁੱਜਕਾ ਜਿਹਾ ਪਿਆ ਜਿੱਦਾਂ ਵੱਡਾ ਪਿੱਪਲ ਹੱਸਿਆ ਹੋਵੇ। ਪਹਿਲਾਂ ਹੱਸਿਆ, ਫੇਰ ਚੁੱਪ ਹੋ ਗਿਆ। ਚੁੱਪ ਤੇ ਉਦਾਸ।
ਮੈਂ ਨੀਵੀਂ ਪਾਈ ਹੀ ਉਹਨੂੰ ਪੁੱਛਿਆ, ‘‘ਮਹਾਪੁਰਸ਼ੋ, ਆਹ ਪਹਿਲਾਂ ਕਿਉਂ ਹੱਸੇ ਸੀ…?’’
ਉਸ ਦੱਸਣਾ ਸ਼ੁਰੂ ਕੀਤਾ, ‘‘ਹਾਸਾ ਮੈਨੂੰ ਇਕ ਕਹਾਣੀ ਯਾਦ ਕਰਕੇ ਆਇਆ ਸੀ। ਭਲੇ ਦਿਨਾਂ ਦੀ ਗੱਲ ਆ। ਇਕ ਰਾਜੇ ਨੇ ਆਪਣੇ ਮੰਤਰੀਆਂ ਨੂੰ ਸੱਦਿਆ। ਕਿਹਾ ਕਿ ਉਹ ਉਹਨੂੰ ਇਸ ਦੁਨੀਆ ਬਾਰੇ ਦੱਸਣ। ਬਾਕੀ ਤਾਂ ਸਾਰੇ ਮੰਤਰੀ ਚੁੱਪ ਰਹੇ ਪਰ ਇੱਕ ਮੰਤਰੀ ਨੇ ਪੁੱਛ ਹੀ ਲਿਆ- ‘ਮਹਾਰਾਜ ਜੀ ਤੁਸੀਂ ਕੀ ਜਾਣਨਾ ਚਾਹੁੰਦੇ ਹੋ?’ ਰਾਜੇ ਨੇ ਸਮਝਾਇਆ ਕਿ ਸੰਸਾਰ ਦੇ ਸਾਰੇ ਰਾਜਾਂ ਦਾ ਇਤਿਹਾਸ ਤਿਆਰ ਕੀਤਾ ਜਾਵੇ। ਮੈਨੂੰ ਇਹ ਦੱਸੋ ਕਿ ਲੋਕ ਪਹਿਲਾਂ ਕਿੱਦਾਂ ਰਹਿੰਦੇ ਸੀ। ਹੁਣ ਕਿੱਦਾਂ ਰਹਿੰਦੇ ਆ? ਹੁਣ ਕੀ ਕਰਦੇ ਆ? ਉਨ੍ਹਾਂ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ? ਇਸ ਕੰਮ ਲਈ ਤੁਹਾਨੂੰ ਪੰਜ ਸਾਲ ਦਿੱਤੇ।’ ਰਾਜੇ ਦਾ ਕਿਹਾ ਸਿਰ ਮੱਥੇ। ਪੰਜਾਂ ਸਾਲਾਂ ਬਾਅਦ ਪੰਜਾਹ ਊਠਾਂ, ਘੋੜਿਆਂ ਤੇ ਖੱਚਰਾਂ ’ਤੇ ਪਤਰੀਆਂ ਲੱਦ ਕੇ ਉਹ ਰਾਜੇ ਦੇ ਦਰਬਾਰ ’ਚ ਪੇਸ਼ ਹੋਏ। ਰਾਜੇ ਨੇ ਕਿਹਾ ਕਿ ਇਹ ਨੂੰ ਪੜ੍ਹਣ ਲਈ ਤਾਂ ਮੈਨੂੰ ਦਸ ਜਨਮ ਲੈਣੇ ਪੈਣਗੇ। ਇਹਨੂੰ ਛੋਟਾ ਕਰੋ ਦੋ ਸਾਲਾਂ ਦੇ ਵਿਚ-ਵਿਚ। ਹੁਣ ਉਹ ਦਸ ਊਠਾਂ, ਘੋੜਿਆਂ ’ਤੇ ਪੱਤਰ ਲਿਖ ਕੇ ਹਾਜ਼ਿਰ ਹੋਏ। ਇਹ ਸਭ ਕੁਸ਼ ਦੇਖ ਕੇ ਰਾਜੇ ਨੂੰ ਗੁੱਸਾ ਆ ਗਿਆ। ਉਸ ਅੱਖਾਂ ਲਾਲ ਕਰਦਿਆਂ ਹੋਇਆਂ ਕਿਹਾ, ‘ਪਾਗਲੋ, ਤੁਹਾਡੀ ਮੱਤ ਨੂੰ ਕੀ ਹੋ ਗਿਆ। ਇਹਨੂੰ ਥੋੜ੍ਹੇ ਸ਼ਬਦਾਂ ’ਚ ਬਿਆਨ ਕਰੋ।’ ਪੰਜਵੇਂ ਦਿਨ ਇਕ ਫਕੀਰ ਨਿੱਕਾ ਜਿਹਾ ਟਰੰਕ ਲੈ ਕੇ ਰਾਜੇ ਦੇ ਦਰਬਾਰ ’ਚ ਪੇਸ਼ ਹੋਇਆ। ਰਾਜੇ ਨੇ ਟਰੰਕ ਫੜ ਲਿਆ। ਖੋਲ੍ਹ ਕੇ ਪੜ੍ਹਿਆ। ਉੱਥੇ ਲਿਖਿਆ ਸੀ, ਉਹ ਜੰਮੇ, ਜ਼ਿੰਦਗੀ ਬਤਾਈ ਤੇ ਮਰ ਗਏ। ਹੁਣ ਇਸ ਪਿੰਡ ’ਚ ਵੀ ਗੱਲਾਂ ਹੁੰਦੀਆਂ- ਇੱਥੇ ਇਕ ਪਿੱਪਲ ਹੁੰਦਾ ਸੀ। ਜੀਤੂ ਨੇ ਵਢਵਾ ਦਿੱਤਾ। ਅਗਲੀ ਪੀੜ੍ਹੀ ਤਕ ਇਹ ਗੱਲਾਂ ਚਲਦੀਆਂ ਰਹਿਣਗੀਆਂ। ਫੇਰ ਕਿਹੜਾ ਪਿੱਪਲ ਤੇ ਕਿਹੜਾ ਥੜ੍ਹਾ। ਦੱਸ, ਮੈਂ ਝੂਠ ਕਹਿ ਰਿਹਾਂ?’’
ਮੈਂ ਨੀਵੀਂ ਪਾ ਕੇ ਪੈਰ ਦੇ ਅੰਗੂਠੇ ਨਾਲ ਮਿੱਟੀ ਖੁਰਚਣ ਲੱਗਾ।
‘‘ਇਤਿਹਾਸ ਸਿਰਫ਼ ਕੌਮਾਂ, ਧਰਮਾਂ, ਸ਼ਹਿਰਾਂ, ਪਿੰਡਾਂ, ਪਰਿਵਾਰਾਂ ਦਾ ਹੀ ਨ੍ਹੀਂ ਹੁੰਦਾ। ਇਤਿਹਾਸ ਤਾਂ ਥਾਵਾਂ, ਦਰੱਖਤਾਂ ਦਾ ਵੀ ਹੁੰਦਾ ਆ…। ਇਤਿਹਾਸ ਤਾਂ ਹੀ ਸੰਭਾਲਿਆ ਜਾਂਦਾ ਜੇ ਉਹਨੂੰ ਸੰਭਾਲਣ ਵਾਲੇ ਹੋਣ। ਨ੍ਹੀਂ ਤਾਂ ਕਿਹੜਾ ਇਤਿਹਾਸ, ਕਿਹਦਾ ਇਤਿਹਾਸ,’’ ਵੱਡੇ ਪਿੱਪਲ ਦੀ ਆਵਾਜ਼ ਯਕਦਮ ਹੌਲੀ ਹੋ ਗਈ।
ਮੈਂ ਤੇਜ਼ੀ ਨਾਲ ਆਲੇ-ਦੁਆਲੇ ਨਜ਼ਰਾਂ ਘੁੰਮਾਈਆਂ। ਮੈਨੂੰ ਇਕ ਦੀਵਾ ਦਿਸ ਪਿਆ। ਪਤਾ ਨਹੀਂ ਕਿਸ ਨੂੰ ਵੱਡੇ ਪਿੱਪਲ ਦੀ ਯਾਦ ਆ ਗਈ ਹੋਵੇ। ਉਸ ਦੀਵਾਲੀ ਵਾਲੇ ਦਿਨ ਇੱਥੇ ਦੀਵਾ ਜਗਾਇਆ ਹੋਵੇ। ਦੀਵਾ ਮੂਧਾ ਪਿਆ ਸੀ। ਮੈਂ ਉਸ ਨੂੰ ਸਿੱਧਾ ਕੀਤਾ। ਜੰਮੀ ਹੋਈ ਮਿੱਟੀ ਨੂੰ ਨਹੁੰਆਂ ਨਾਲ ਖੁਰਚਿਆ। ਸਾਫ਼ ਕੀਤਾ। ਸੋਚਿਆ ਕਿ ਜਲੰਧਰ ਦੀ ਬੱਸ ਫੜਣ ਤੋਂ ਪਹਿਲਾਂ-ਪਹਿਲਾਂ ਰਾਮਦਿੱਤੇ ਦੇ ਮੁੰਡਿਆਂ ਦੀ ਦੁਕਾਨ ਤੋਂ ਸਰ੍ਹੋਂ ਦਾ ਤੇਲ ਤੇ ਬੱਤੀ ਲੈ ਕੇ ਵੱਡੇ ਪਿੱਪਲ ਵਾਲੀ ਥਾਂ ’ਤੇ ਦੀਵਾ ਜਗਾ ਕੇ ਜਾਵਾਂਗਾ। ਹੋ ਸਕਦਾ ਹੈ ਕਿ ਮੇਰੇ ਮਗਰ ਲੱਗ ਕੇ ਕੋਈ ਹੋਰ ਵੀ ਇੱਥੇ ਦੀਵੇ ਜਗਾਉਣੇ ਸ਼ੁਰੂ ਕਰ ਦੇਣ। ਮਨ ਹੀ ਮਨ ਕਿਹਾ, ‘‘ਹਾਂ, ਇੱਥੇ ਕਦੇ ਵੱਡਾ ਪਿੱਪਲ ਹੁੰਦਾ ਸੀ। ਸਾਨੂੰ ਯਾਦ ਆ।’’
ਵਾਪਸੀ ’ਤੇ ਮੈਂ ਅਜੇ ਦਸ ਕੁ ਕਦਮ ਗਿਆ ਹੋਣਾ ਕਿ ਮੈਨੂੰ ਜਨਾਨਾ ਆਵਾਜ਼ ਸੁਣੀ, ‘‘ਵੱਡਿਆ ਲਿਖਾਰੀਆ। ਇਕ ਸੱਚ ਤਾਂ ਤੂੰ ਕਦੇ ਜਾਣਿਆ ਹੀ ਨ੍ਹੀਂ।’’
‘‘ਜੀ,’’ ਮੈਂ ਝਕਦਮ ਘਬਰਾ ਗਿਆ। ਮੈਂ ਬਚਪਨ ’ਚ ਸੁਣਿਆ ਹੋਇਆ ਸੀ ਕਿ ਵੱਡੇ ਪਿੱਪਲ ’ਤੇ ‘ਸ਼ੈਆਂ’ ਰਹਿੰਦੀਆਂ। ਕੋਈ ਕਹਿੰਦਾ ਕਿ ਉਸ ਅੱਧੀ ਰਾਤ ਮਗਰੋਂ ਇੱਥੋਂ ਕਈ ਵਾਰ ਛੈਣੇ ਵਜਦਿਆਂ ਦੀਆਂ ਆਵਾਜ਼ਾਂ ਸੁਣੀਆਂ। ਕੋਈ ਹੋਰ ਦੱਸਦਾ ਕਿ ਚੀਕਾਂ ਪੈਂਦੀਆਂ।
‘‘ਹੈਂ, ਤੂੰ ਡਰ ਗਿਆਂ?’’
‘‘ਜੀ… ਜੀ…।’’
‘‘ਡਰ ਨਾ – ਮੈਂ ਤੈਨੂੰ ਖਾਣ ਨ੍ਹੀਂ ਲੱਗੀ।’’
‘‘ਜੀ।’’
‘‘ਮੈਂ ਪਿੱਪਲ ਨ੍ਹੀਂ- ਪਿੱਪਲੀ ਆਂ। ਪਿੱਪਲ ਤਾਂ ਸਰੈਣ ਸਿਹੁੰ ਕੇ ਜੀਤੂ ਦੇ ਘਰ ਦੇ ਪਿਛਵਾੜੇ ਪੈਂਦਾ ਸੀ। ਉਸਨੂੰ ਲੰਡਾ ਪਿੱਪਲ ਕਹਿੰਦੇ ਸੀ। ਮੇਰਾ ਉਸ ਨਾਲ ਵਿਆਹ ਹੋਇਆ ਸੀ।’’
‘‘ਤੁਹਾਡਾ ਵਿਆਹ?’’
‘‘ਹਾਂ- ਮੇਰਾ ਵਿਆਹ। ਹੁਣ ਇਹ ਨਾ ਪੁੱਛੀਂ ਕਿਉਂ ਹੋਇਆ। ਤਰਖਾਣਾਂ ਦੇ ਭਾਈ ਬੈਸਾਖੇ ਨੇ ਸਾਡਾ ਵਿਆਹ ਕੀਤਾ। ਚਾਰ ਦਿਨ ਖੂਬ ਰੌਣਕਾਂ ਲੱਗੀਆਂ। ਪੰਡਤ ਨੇ ਲਾਵਾਂ ਪੜ੍ਹੀਆਂ। ਬੁੜੀਆਂ-ਕੁੜੀਆਂ ਗਾਉਣ ਬੈਠੀਆਂ। ਮੁਟਿਆਰਾਂ ਨੱਚੀਆਂ। ਰਾਤ ਨੂੰ ਗਾਉਣ ਬੈਠੀਆਂ। ਗੋਗਲੇ ਵੰਡੇ। ਸੂਤੜੀ ਦੇ ਧਾਗੇ ਨਾਲ ਸਾਡੇ ਲੜ ਫੜਾਏ, ਪਾਣੀ ਵਾਰਿਆ। ਦੁਨੀਆਂਦਾਰੀ ਵਾਲੀਆਂ ਸਾਰੀਆਂ ਰਸਮਾਂ ਕੀਤੀਆਂ…।’’
‘‘ਅੱਛਾ- ਇਹ ਗੱਲਾਂ ਤਾਂ ਮੈਨੂੰ ਕਿਸੇ ਨੇ ਕਦੇ ਦੱਸੀਆਂ ਹੀ ਨ੍ਹੀਂ ਸੀ।’’
‘‘ਹੁਣ ਹੋਰ ਵੀ ਦੱਸਾਂ?’’ ‘‘ਜ਼ਰੂਰ।’’
‘‘ਮੈਨੂੰ ਆਪਣੇ ਜਨਮ ਬਾਰੇ ਤਾਂ ਪੱਕਾ ਪਤਾ ਨ੍ਹੀਂ। ਆਹ ਥੜ੍ਹਾ ਬਣਾਉਣ ਵਾਲੇ ਦਾ ਪਤਾ। ਜਗੀਰ ਦੇ ਦੋ ਮੁੰਡੇ ਸੀ। ਵਰਿਆਮਾ ਤੇ ਦੇਵਾ। ਦੇਵਾ ਛੜਾ ਸੀ। ਅਫਰੀਕਾ ਤੋਂ ਕਮਾਈ ਕਰਕੇ ਆਇਆ ਸੀ। ਉਸ ਹੀ ਪੱਕੀਆਂ ਇੱਟਾਂ ਦਾ ਥੜ੍ਹਾ ਬਣਾਇਆ। ਆਪ ਨਾਲ ਲੱਗ ਕੇ। ਦੱਸ ਹੁਣ ਦੇਵੇ ਨੂੰ ਕੌਣ ਜਾਣਦੈ।’’
‘’ਕੋਈ ਨ੍ਹੀਂ ਜੀ।’’
‘‘ਫੇਰ ਇਸੇ ਨੂੰ ਹੀ ਇਤਿਹਾਸ ਦੀ ਮੌਤ ਕਹਿੰਦੇ ਐ, ਹੈ ਨਾ?’’
ਸੰਪਰਕ: 98148-03254