ਪ੍ਰਭੂ ਦਿਆਲ
ਸਿਰਸਾ, 21 ਸਤੰਬਰ
ਨਗਰ ਨਿਗਮ ਦੇ ਆਊਟਸੋਰਸਿੰਗ ਕਰਮਚਾਰੀਆਂ ਨੇ ਛਾਂਟੀ ਵਿਰੁੱਧ ਨਗਰ ਨਿਗਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ, ਕਲਰਕ, ਕੰਪਿਊਟਰ ਅਪਰੇਟਰ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਮਨੋਜ ਅਟਵਾਲ ਨੇ ਕੀਤੀ।
ਪ੍ਰਦਰਸ਼ਨ ਕਰ ਰਹੇ ਯੂਨੀਅਨ ਦੇ ਆਗੂ ਮਨੋਜ ਅਟਵਾਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਪਿਛਲੇ ਦਿਨੀਂ ਕਲਰਕਾਂ ਦੀ ਭਰਤੀ ਕੀਤੀ ਗਈ ਹੈ, ਜਿਸ ਵਿਚ ਨਗਰ ਨਿਗਮ ਲਈ ਕਲਰਕ ਵੀ ਸ਼ਾਮਲ ਹਨ। ਭਰਤੀ ਕੀਤੇ ਗਏ ਕਲਰਕਾਂ ਦੀ ਜੁਆਇਨਿੰਗ ਤੋਂ ਪਹਿਲਾਂ ਤੋਂ ਆਊਟਸੋਰਸਿੰਗ ਤਹਿਤ ਲੱਗੇ ਕਰਮਚਾਰੀਆਂ ਨੂੰ ਹਟਾਇਆ ਜਾ ਰਿਹਾ ਹੈ। 600 ਦੇ ਕਰੀਬ ਠੇਕਾ ਕਰਮਚਾਰੀਆਂ ’ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਤੀਜਾ ਤੇ ਚੌਥਾ ਦਰਜਾ ਕਰਮਚਾਰੀਆਂ ਨੂੰ ਵਿਭਾਗੀ ਰੋਲ ’ਤੇ ਕਰਨ, ਬਰਾਬਰ ਕੰਮ ਬਰਾਬਰ ਵੇਤਨ ਦੇਣ, ਚਾਰ ਹਜ਼ਾਰ ਜੋਖ਼ਮ ਭੱਤਾ ਦੇਣ, ਕਰੋਨਾ ਨਾਲ ਮੌਤ ਹੋਣ ’ਤੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ, ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁਖਦੇਵ ਸਿੰਘ, ਨਰੇਸ਼ ਕੁਮਾਰ, ਅਰੁਣ ਕੁਮਾਰ, ਕ੍ਰਿਸ਼ਨਾ ਦੇਵੀ ਨੇ ਵੀ ਸੰਬੋਧਨ ਕੀਤਾ।