ਨਵੀਂ ਦਿੱਲੀ, 19 ਸਤੰਬਰ
ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸਿਹਤ ਵਰਕਰਾਂ ’ਤੇ ਹਮਲੇ ਦੀਆਂ ਘਟਨਾਵਾਂ ਖ਼ਿਲਾਫ਼ ਆਰਡੀਨੈਂਸ ਲਿਆਂਦੇ ਜਾਣ ਮਗਰੋਂ ਅਜਿਹੀਆਂ ਘਟਨਾਵਾਂ ’ਚ ਨਾਟਕੀ ਢੰਗ ਨਾਲ ਕਮੀ ਆਈ ਹੈ।
ਕੇਂਦਰ ਸਰਕਾਰ ਵੱਲੋਂ ਮਹਾਮਾਰੀ ਐਕਟ ਤਹਿਤ 22 ਅਪਰੈਲ ਨੂੰ ਲਿਆਂਦੇ ਗਏ ਆਰਡੀਨੈਂਸ ’ਚ ਕਰੋਨਾ ਯੋਧਿਆਂ ’ਤੇ ਹਮਲਿਆਂ ਨੂੰ ਗ਼ੈਰ-ਜ਼ਮਾਨਤੀ ਅਪਰਾਧ ਵਜੋਂ ਸ਼ਾਮਲ ਕੀਤਾ ਗਿਆ, ਜਿਸ ਵਿੱਚ ਜੁਰਮਾਨੇ ਅਤੇ 7 ਸਾਲ ਕੈਦ ਦੀ ਵਿਵਸਥਾ ਹੈ। ਸਿਹਤ ਮੰਤਰੀ ਨੇ ਇਸ ਸਬੰਧੀ ਉਪਰਲੇ ਸਦਨ ’ਚ ਪਾਸ ਕਰਵਾਉਣ ਲਈ ਇੱਕ ਸੋਧ ਬਿੱਲ ਪੇਸ਼ ਕਰਦਿਆਂ ਕਿਹਾ, ‘ਆਰਡੀਨੈਂਸ ਪਾਸ ਹੋਣ ਮਗਰੋਂ ਦੇਸ਼ ਭਰ ’ਚ ਸਿਹਤ ਵਰਕਰਾਂ ’ਚ ਹਮਲਿਆਂ ’ਚ ਨਾਟਕੀ ਢੰਗ ਨਾਲ ਗਿਰਾਵਟ ਆਈ ਹੈ।’ ਉਨ੍ਹਾਂ ਕਿਹਾ, ‘ਹਰ ਕੋਈ ਉਦਾਸ ਤੇ ਬੁਰਾ ਮਹਿਸੂਸ ਕਰ ਰਿਹਾ ਸੀ। ਉਸ ਸਮੇਂ ਸਰਕਾਰ ਨੇ ਬਚਾਅ ਲਈ ਕਦਮ ਚੁੱਕਣ ਬਾਰੇ ਸੋਚਿਆ। ਜਦੋਂ ਸਰਕਾਰ ਨੇ ਨਜ਼ਰਸਾਨੀ ਕੀਤੀ ਤਾਂ ਪਤਾ ਲੱਗਾ ਕਿ ਕੁਝ ਸੂਬਿਆਂ ’ਚ ਬਹੁਤ ਘੱਟ ਕਾਨੂੰਨ ਅਤੇ ਤਾਕਤਾਂ ਹਨ। ਇਸ ਕਰਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਕੇਂਦਰੀ ਕਾਨੂੰਨ ਦੀ ਲੋੜ ਸੀ।’ ਦੂਜੇ ਪਾਸੇ ਮਾਰਕਸਵਾਦੀ ਪਾਰਟੀ (ਸੀਪੀਆਈ) ਦੇ ਬਿਨੌਏ ਵਿਸਵਾਮ ਨੇ ਸੋਧ ਬਿੱਲ ਬਾਰੇ ਕਿਹਾ ਕਿ ਇਸ ਵਿੱਚ ਕਈ ਗੰਭੀਰ ਤਰੁੱਟੀਆਂ ਹਨ ਅਤੇ ਇਸ ਵਿੱਚ ਹਸਪਤਾਲਾਂ ਅੰਦਰ ਸਿਹਤ ਵਰਕਰਾਂ ਖ਼ਿਲਾਫ਼ ਅਜਿਹੀਆਂ ਘਟਨਾਵਾਂ ਦੇ ਮੁੱਦੇ ਬਾਰੇ ਜ਼ਿਕਰ ਨਹੀਂ ਹੈ। -ਪੀਟੀਆਈ