ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 17 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੂਬਾ ਭਰ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਸਥਾਪਤ ਕੀਤੇ ਜਾਂ ਭਵਿੱਖ ਵਿੱਚ ਸਥਾਪਤ ਕੀਤੇ ਜਾਣ ਵਾਲੇ ਸਤਿਸੰਗ ਭਵਨਾਂ ਲਈ ਚੇਂਜ ਆਫ ਲੈਂਡ ਯੂਜ਼ (ਸੀਐੱਲਯੂ) ਫੀਸ ਅਤੇ ਕਈ ਹੋਰ ਦਰਾਂ ਨੂੰ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੀਐੱਲਯੂ ਤੋਂ ਇਲਾਵਾ ਮੁਆਫ਼ ਕੀਤੇ ਜਾਣ ਵਾਲੀਆਂ ਹੋਰ ਦਰਾਂ ਵਿੱਚ ਬਾਹਰੀ ਵਿਕਾਸ ਚਾਰਜ (ਈਡੀਸੀ), ਪ੍ਰਵਾਨਗੀ ਫੀਸ (ਪੀਐੱਫ), ਸਮਾਜਿਕ ਬੁਨਿਆਦੀ ਢਾਂਚਾ ਫੰਡ (ਐੱਸਆਈਐੱਫ) ਅਤੇ ਇਮਾਰਤ ਪੜਤਾਲ ਫੀਸ ਸ਼ਾਮਲ ਹੈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਦਾ 72 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ-ਡੇਰਾ ਬਾਬਾ ਨਾਨਕ ਸੜਕੀ ਪ੍ਰਾਜੈਕਟ ਦੀ ਅੱਪਗ੍ਰਡੇਸ਼ਨ ਕਰਨ ਬਾਰੇ ਸੂਬਾ ਸਰਕਾਰ ਦੀ ਤਜਵੀਜ਼ ਨੂੰ ਪ੍ਰਵਾਨ ਕਰਨ ਲਈ ਧੰਨਵਾਦ ਕੀਤਾ ਹੈ। ਇਹ ਸੜਕੀ ਪ੍ਰਾਜੈਕਟ ‘ਭਾਰਤਮਾਲਾ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਦਾ ਹਿੱਸਾ ਹੈ। ਮੁੱਖ ਮੰਤਰੀ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਦਾ ਵੀ ਇਸ ਵੱਕਾਰੀ ਸੜਕੀ ਪ੍ਰਾਜੈਕਟ ਨੂੰ ਮਨਜ਼ੂਰ ਕਰਨ ਲਈ ਧੰਨਵਾਦ ਕੀਤਾ ਹੈ। ਕੈਬਨਿਟ ਨੇ ਵੀਰਵਾਰ ਨੂੰ ਬਹੁ-ਕਾਰਜ ਖੇਤਰ ਵਾਲੀਆਂ ਯੂਨੀਵਰਸਿਟੀਆਂ ਲਈ ਉਸਾਰੇ ਗਏ ਖੇਤਰ ਦੀ ਸ਼ਰਤ 50000 ਵਰਗ ਮੀਟਰ ਤੋਂ ਘਟਾ ਕੇ 30000 ਵਰਗ ਮੀਟਰ ਅਤੇ ਇਕੋ ਕਾਰਜ ਖੇਤਰ ਵਾਲੀਆਂ ਯੂਨੀਵਰਸਿਟੀਆਂ ਲਈ ਇਹ ਸ਼ਰਤ 20000 ਵਰਗ ਮੀਟਰ ਤੋਂ ਘਟਾ ਕੇ 10000 ਵਰਗ ਮੀਟਰ ਕੀਤੇ ਜਾਣ ਦਾ ਫੈਸਲਾ ਕਰ ਲਿਆ ਹੈ। ਸਰਕਾਰੀ ਬੁਲਾਰੇ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸੇ ਲਈ ‘ਦਿ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ- 2010’ ਵਿੱਚ ਸੋਧ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ।
ਕੈਬਨਿਟ ਵੱਲੋਂ ‘ਦਾ ਪੰਜਾਬ ਕੋਆਪਰੇਟਿਵ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼, 2016’ ਨੂੰ ਸੋਧੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਤਹਿਤ ਸੀਨੀਅਰ ਸਹਾਇਕ (ਲੇਖਾ) ਦੀ ਅਸਾਮੀ ਨੂੰ ਸੀਨੀਅਰ ਸਹਾਇਕਾਂ ਵਿੱਚ ਰਲੇਵਾਂ ਕੀਤਾ ਜਾਵੇਗਾ ਤਾਂ ਜੋ ਸਹਿਕਾਰਤਾ ਵਿਭਾਗ ਦੇ ਆਡਿਟ ਵਿੰਗ ਵਿੱਚ ਕੰਮ ਕਰਦੇ ਸੀਨੀਅਰ ਸਹਾਇਕ (ਲੇਖਾ) ਦੀਆਂ ਤਰੱਕੀਆਂ ਦਾ ਰਾਹ ਪੱਧਰਾ ਹੋ ਸਕੇ।