ਡੇਰਾਬੱਸੀ (ਹਰਜੀਤ ਸਿੰਘ): ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ੍ਰੀ ਢਿੱਲੋਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਵੱਡੇ ਪੁੱਤਰ ਅਤੇ ਛੋਟੇ ਲੜਕੇ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਢਿੱਲੋਂ ਨੇ ਦੱਸਿਆ ਕਿ ਲੰਘੇ ਕੱਲ੍ਹ ਤਬੀਅਤ ਖ਼ਰਾਬ ਹੋਣ ’ਤੇ ਉਨ੍ਹਾਂ ਨੇ ਕਰੋਨਾ ਦਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਹਦਾਇਤ ਅਨੁਸਾਰ ਉਹ ਘਰ ਵਿੱਚ ਹੀ ਇਕਾਂਤਵਾਸ ਵਿੱਚ ਭੇਜੇ ਗਏ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਉਹ ਹਾਲੇ ਠੀਕ-ਠਾਕ ਹਨ ਤੇ ਗਲੇ ਵਿੱਚ ਖਰਾਸ਼ ਤੋਂ ਇਲਾਵਾ ਹਲਕਾ ਬੁਖ਼ਾਰ ਹੈ।