ਨਵੀਂ ਦਿੱਲੀ: ਰਾਜ ਸਭਾ ਵਿੱਚ ਅੱਜ ਖੇਤੀ ਨਾਲ ਸਬੰਧਤ ਦੋ ਬਿਲਾਂ ਨੂੰ ਪਾਸ ਕਰਨ ਮੌਕੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸਰਕਾਰ ਦੇ ਸਿਖ਼ਰਲੇ ਮੰਤਰੀਆਂ ਨੇ ਵਿਰੋਧੀ ਧਿਰ ਦੇ ਇਸ ਵਤੀਰੇ ਨੂੰ ਸ਼ਰਮਨਾਕ ਕਰਾਰ ਦਿੱੱਤਾ ਹੈ। ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਪ੍ਰਕਾਸ਼ ਜਾਵੜੇਕਰ, ਪ੍ਰਹਿਲਾਦ ਜੋਸ਼ੀ, ਪਿਯੂਸ਼ ਗੋਇਲ, ਥਾਵਰਚੰਦ ਗਹਿਲੋਤ ਤੇ ਮੁਖ਼ਤਾਰ ਅੱਬਾਸ ਨਕਵੀ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਸੰਸਦੀ ਇਤਿਹਾਸ ਵਿੱਚ ਇਹ ਅਸਾਧਾਰਨ ਘਟਨਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਉਸਾਰੂ ਲੋਕਤੰਤਰ ਵਿੱਚ ਅਜਿਹੇ ਕਿਸੇ ਵਤੀਰੇ ਦੀ ਆਸ ਨਹੀਂ ਕੀਤੀ ਜਾਂਦੀ। ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾ ਸਿਰਫ਼ ਰੂਲ ਬੁੱਕ ਪਾੜੀ, ਬਲਕਿ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨਰਾਇਣ ਸਿੰਘ ਦੇ ਆਸਣ ’ਤੇ ਦਸਤਾਵੇਜ਼ ਵੀ ਸੁੱਟੇ। ਇਥੋਂ ਤਕ ਕਿ ਉਹ ਅਧਿਕਾਰੀਆਂ ਦੀ ਮੇਜ਼ ’ਤੇ ਜਾ ਚੜ੍ਹੇ ਤੇ ਇਹ ਨਜ਼ਾਰਾ ਪਹਿਲਾਂ ਕਦੇ ਵੇਖਣ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਹਰੀਵੰਸ਼ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਗੱਲ ਹੈ ਤਾਂ ਇਹ ਰਾਜ ਸਭਾ ਦੇ ਚੇਅਰਪਰਸਨ ਵੈਂਕੱਈਆ ਨਾਇਡੂ ਦਾ ਅਧਿਕਾਰ ਖੇਤਰ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਦੀ ਸਰਕਾਰ ’ਚੋਂ ਬਾਹਰ ਹੋਣ ਬਾਰੇ ਪੁੱਛੇ ਜਾਣ ’ਤੇ ਸਿੰਘ ਨੇ ਕਿਹਾ ਕਿ ਕੁਝ ਫੈਸਲਿਆਂ ਪਿੱਛੇ ‘ਸਿਆਸੀ ਕਾਰਨ’ ਵੀ ਹੁੰਦੇ ਹਨ। ਸਿੰਘ ਨੇ ਕਿਹਾ ਕਿ ਖ਼ੁਦ ਇਕ ਕਿਸਾਨ ਹੋਣ ਦੇ ਨਾਤੇ ਉਹ ਯਕੀਨ ਦਿਵਾਉਂਦੇ ਹਨ ਕਿ ਏਪੀਐੱਮਸੀ ਤੇ ਐੱਮਐੱਸਪੀ ਦਾ ਪ੍ਰਬੰਧ ਜਾਰੀ ਰਹੇਗਾ। ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਵਿਰੋਧੀ ਧਿਰ ਦੇ ਇਸ ਦੋਸ਼ ਕਿ ਬਿਲਾਂ ’ਤੇ ਵੋਟਾਂ ਦੀ ਵੰਡ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਗਿਆ, ਦਾ ਜਵਾਬ ਦਿੰਦਿਆਂ ਕਿਹਾ ਕਿ ਕਈ ਵਾਰ ਮੈਂਬਰਾਂ ਨੂੰ ਆਪੋ ਆਪਣੀ ਸੀਟਾਂ ’ਤੇ ਜਾਣ ਲਈ ਕੀਤੀ ਅਪੀਲ ਦੇ ਬਾਵਜੂਦ ਉਹ ਨਹੀਂ ਮੁੜੇ। -ਪੀਟੀਆਈ