ਰਵੇਲ ਸਿੰਘ ਭਿੰਡਰ
ਪਟਿਆਲਾ, 8 ਜੁਲਾਈ
ਪੰਜਾਬ ਵਿੱਚ ਭਰਵੀਂ ਬਾਰਸ਼ ਮਗਰੋਂ ਬਿਜਲੀ ਦੀ ਮੰਗ 3 ਹਜ਼ਾਰ ਮੈਗਾਵਾਟ ਤੋਂ ਵੀ ਹੇਠਾਂ ਡਿੱਗ ਗਈ ਹੈ। ਅਜਿਹੀ ਰਾਹਤ ਮਗਰੋਂ ਪਾਵਰਕੌਮ ਨੇ ਆਪਣੇ ਦੋਵੇਂ ਥਰਮਲਾਂ ਦੀਆਂ ਤਿੰਨ ਤੇ ਪ੍ਰਾਈਵੇਟ ਖੇਤਰ ਦੇ ਥਰਮਲਾਂ ਦੀਆਂ ਦੋ ਉਤਪਾਦਨ ਇਕਾਈਆਂ ਬੰਦ ਕਰ ਦਿੱਤੀਆਂ ਹਨ। ਮੌਨਸੂਨ ਦੀ ਪਹਿਲੀ ਬਰਸਾਤ ਨੇ ਪਾਵਰਕੌਮ ਨੂੰ ਇੱਕ ਵਾਰ ਚਿੰਤਾ ਮੁਕਤ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੰਘੇ ਹਫ਼ਤੇ ਤੋਂ ਪੰਜਾਬ ਅੰਦਰ ਔੜ ਵਰਗੇ ਬਣੇ ਹਾਲਾਤ ਨੇ ਪਾਵਰਕੌਮ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ। ਪਾਵਰਕੌਮ ਨੂੰ ਅਨਸ਼ਡਿਊਲ ਬਿਜਲੀ ਕੱਟ ਲਾਉਣ ਲਈ ਮਜਬੂਰ ਹੋਣ ਪੈ ਰਿਹਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਅੰਦਰ ਝੋਨੇ ਨੂੰ ਪਹਿਲਾਂ ਜਿੰਨੇ ਪਾਣੀ ਦੀ ਲੋੜ ਵੀ ਨਹੀਂ ਹੋਵੇਗੀ। ਮੌਜੂਦਾ ਪੈਡੀ ਸੀਜ਼ਨ ਦੌਰਾਨ ਬਿਜਲੀ ਦੀ ਅੱਜ ਦਿਨ ਵੇਲੇ ਤੇ ਲੰਘੀ ਰਾਤ ਪਈ ਬਾਰਸ਼ ਤੋਂ ਬਹੁਤ ਸਾਰੇ ਇਲਾਕਿਆਂ ਅੰਦਰ ਕਿਸਾਨਾਂ ਵੱਲੋਂ ਟਿਊਬਵੈੱਲ ਬੰਦ ਕਰ ਦਿੱਤੇ ਜਾਣ ਨਾਲ ਬਿਜਲੀ ਦੀ ਮੰਗ ਦਿਨ ਵੇਲੇ ਘੱਟ ਕੇ 10 ਹਜ਼ਾਰ ਮੈਗਾਵਾਟ ਤੋਂ ਹੇਠਾਂ ਆ ਗਈ ਸੀ। ਸ਼ਾਮੀਂ ਸਾਢੇ ਸੱਤ ਵਜੇ ਇਹ ਅੰਕੜਾ 95 ਸੌ ਮੈਗਾਵਾਟ ਤੱਕ ਵੀ ਮਨਫੀ ਹੋ ਗਿਆ ਸੀ। ਪਾਵਰਕੌਮ ਮੈਨੇਜਮੈਂਟ ਨੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਦੋ ਤੇ ਰੋਪੜ ਥਰਮਲ ਦੀ ਇੱਕ ਉਤਪਾਦਨ ਯੂਨਿਟ ਬੰਦ ਕਰਨ ਤੋਂ ਇਲਾਵਾ ਪ੍ਰਾਈਵੇਟ ਖੇਤਰ ਦੇ ਗੋਇੰਦਵਾਲ ਸਾਹਿਬ ਥਰਮਲ ਦੀ ਵੀ ਇੱਕ ਉਤਪਾਦਨ ਇਕਾਈ ਬੰਦ ਕਰ ਦਿੱਤੀ ਹੈ, ਜਦੋਂ ਕਿ ਕਾਰਜਸ਼ੀਲ ਇਕਾਈਆਂ ਦੀ ਪੈਦਾਵਾਰ ਸਮੱਰਥਾ ਘਟਾ ਕੇ ਕਰੀਬ ਅੱਧੀ ਕਰ ਦਿੱਤੀ ਗਈ ਹੈ।
ਟਰਾਂਸਕੋ ਦੇ ਨਵੇਂ ਡਾਇਰੈਕਟਰ ਵੱਲੋਂ ਲੋਡ ਡਿਸਪੈਚ ਸੈਂਟਰ ਦਾ ਨਿਰੀਖਣ
ਟਰਾਂਸਕੋ ਦੇ ਨਵੇਂ ਡਾਇਰੈਕਟਰ ‘ਤਕਨੀਕੀ’ ਇੰਜੀ. ਯੋਗੇਸ਼ ਟੰਡਨ ਨੇ ਅੱਜ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਦਾ ਦੌਰਾ ਕਰਕੇ ਉਥੋਂ ਦੇ ਐਸ.ਐਲ.ਡੀ.ਸੀ. ਤੇ ਕੰਟਰੋਲ ਦੇ ਕੰਮਕਾਰ ਦਾ ਨਿਰੀਖਣ ਕੀਤਾ। ਅਬਲੋਵਾਲ ‘ਪਟਿਆਲਾ’ ਸਥਿਤ ਸੂਬੇ ਦੇ ਇੱਕਲੌਤੇ ਲੋਡ ਡਿਸਪੈਚ ਸੈਂਟਰ ਤੋਂ ਪੰਜਾਬ ਭਰ ਅੰਦਰ ਬਿਜਲੀ ਸਪਲਾਈ ਕਰਨ ਦੇ ਨਾਲ ਨਾਲ ਇਸ ਦਾ ਅੰਤਰਰਾਜੀ ਪੱਧਰ ’ਤੇ ਕੰਟਰੋਲ ਕੀਤਾ ਜਾਂਦਾ ਹੈ।