ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਜੁਲਾਈ
ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਉਪਰਾਲਿਆਂ ਸਦਕਾ 177 ਭਾਰਤੀ ਨੌਜਵਾਨ ਸਹੀ ਸਲਾਮਤ ਆਪਣੇ ਘਰ ਪਰਤ ਆਏ ਹਨ। ਸੰਸਥਾ ਦੇ ਚੇਅਰਮੈਨ ਡਾ. ਐੱਸਪੀ ਸਿੰਘ ਓਬਰਾਏ ਦੁਬਈ ’ਚ ਫਸੇ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਲੰਘੀ ਦੇਰ ਰਾਤ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਇਹ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਏ ਸੀ ਪਰ ਕਰੋਨਾ ਕਾਰਨ ਕਈ ਕੰਪਨੀਆਂ ਨੇ ਦਫ਼ਤਰ ਬੰਦ ਕਰ ਦਿੱਤੇ। ਇਸ ਕਾਰਨ ਬੇਰੁਜ਼ਗਾਰ ਹੋਏ ਇਹ ਨੌਜਵਾਨ ਸੜਕਾਂ ’ਤੇ ਆ ਗਏ। ਹਵਾਈ ਅੱਡੇ ’ਤੇ ਪਹੁੰਚੇ ਨੌਜਵਾਨਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਆਪਣੇ ਘਰ ਆਉਣ ਲਈ ਤਰਲੇ ਕੱਢ ਰਹੇ ਸੀ। ਉੱਥੇ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਗਏ ਸੀ। ਇੱਥੋਂ ਤੱਕ ਪੀਣ ਨੂੰ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਸੀ। ਔਖੇ ਵੇਲੇ ਡਾਕਟਰ ਓਬਰਾਏ ਨੇ ਉਨ੍ਹਾਂ ਦੀ ਬਾਂਹ ਫੜੀ। ਸ੍ਰੀ ਓਬਰਾਏ ਨੇ ਦੱਸਿਆ ਕਿ ਪੀੜਤ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਚਾਰ ਚਾਰਟਰਡ ਫਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਫਲਾਈਟ ਮੁਹਾਲੀ 177 ਪੰਜਾਬੀ ਨੌਜਵਾਨਾਂ ਨੂੰ ਲੈ ਕੇ ਪਹੁੰਚ ਚੁੱਕੀ ਹੈ ਜਦੋਂਕਿ ਦੂਜੀ 13 ਜੁਲਾਈ ਨੂੰ 200 ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗੀ। ਤੀਜੀ ਫਲਾਈਟ 19 ਜੁਲਾਈ ਨੂੰ ਮੁਹਾਲੀ ਤੇ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਆਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਫਲਾਈਟਾਂ ਵਿੱਚ ਕਰੀਬ ਸਵਾ 700 ਪੀੜਤ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਪਸ ਆਏ ਪੀੜਤ ਵਿਅਕਤੀਆਂ ਦੇ ਚਾਰ ਵਰਗ ਸਨ, ਜਿਨ੍ਹਾਂ ’ਚੋਂ ਘੁੰਮਣ ਫਿਰਨ ਗਏ 10 ਫ਼ੀਸਦੀ ਵਿਅਕਤੀਆਂ ਨੇ ਖ਼ੁਦ ਟਿਕਟ ਖ਼ਰੀਦੀ ਹੈ, 5 ਫ਼ੀਸਦੀ ਵਰਕਰਾਂ ਨੂੰ ਕੰਪਨੀ ਨੇ ਵਾਪਸ ਭੇਜਿਆ ਅਤੇ 20 ਫ਼ੀਸਦੀ ਪੀੜਤ ਨੌਜਵਾਨਾਂ ਨੇ ਟਿਕਟ ਲਈ ਥੋੜ੍ਹੇ ਪੈਸੇ ਦਿੱਤੇ, ਜਦੋਂਕਿ ਬਾਕੀ ਸਾਰੇ ਪੀੜਤਾਂ ਨੂੰ ਟਰੱਸਟ ਆਪਣੇ ਖ਼ਰਚੇ ’ਤੇ ਲੈ ਕੇ ਆਇਆ ਹੈ। ਇਨ੍ਹਾਂ ਨੌਜਵਾਨਾਂ ਨੇ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ।