ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੁਲਾਈ
ਜ਼ਿਲ੍ਹਾ ਸੰਗਰੂਰ ਦਾ ਸਿਵਲ ਸਰਜਨ ਵੀ ਕਰੋਨਾ ਦੀ ਲਪੇਟ ’ਚ ਆ ਗਿਆ ਹੈ ਜਿਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸ਼ੋਲੇਸ਼ਨ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ। ਇਸਤੋਂ ਇਲਾਵਾ ਜ਼ਿਲ੍ਹੇ ਵਿਚ ਛੇ ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਮਲੇਰਕੋਟਲਾ ਨਾਲ ਸਬੰਧਤ ਹਨ। ਜ਼ਿਲ੍ਹਾ ਬਰਨਾਲਾ ਦੇ ਸਿਵਲ ਸਰਜਨ ਡਾ. ਜੀ.ਬੀ ਸਿੰਘ ਨੇ ਸਿਵਲ ਸਰਜਨ ਜ਼ਿਲ੍ਹਾ ਸੰਗਰੂਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਉਧਰ ਅੱਜ ਅੱਠ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਸਿਵਲ ਸਰਜਨ ਡਾ. ਰਾਜ ਕੁਮਾਰ ਨੂੰ ਬੁਖ਼ਾਰ ਤੇ ਹੋਰ ਲੱਛਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਸਥਾਨਕ ਸਿਵਲ ਸਰਜਨ ਦਾ ਵਾਧੂ ਚਾਰਜ ਸੰਭਾਲਣ ਵਾਲੇ ਜ਼ਿਲ੍ਹਾ ਬਰਨਾਲਾ ਦੇ ਸਿਵਲ ਸਰਜਨ ਡਾ. ਜੀ.ਬੀ. ਸਿੰਘ ਵਲੋਂ ਕੀਤੀ ਗਈ ਹੈ। ਸਿਵਲ ਸਰਜਨ ਦੇ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਦੀ ਕੰਟਰੈਕਟ ਟਰੇਸਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦਾ ਪਤਾ ਲਗਾ ਕੇ ਉਹ੍ਵਾਂ ਨੂੰ ਇਕਾਂਤਵਾਸ ਕੀਤਾ ਜਾ ਸਕੇ।
ਪਟਿਆਲਾ ’ਚ ਚਾਰ ਹੋਰ ਪਾਜੇਟਿਵ ਮਰੀਜ਼
ਪਟਿਆਲਾ (ਸਰਬਜੀਤ ਸਿੰਘ ਭੰਗੂ) ਪਟਿਆਲਾ ਜ਼ਿਲ੍ਹੇ ’ਚ ਅੱਜ ਚਾਰ ਹੋਰ ਪਾਜ਼ੇਟਿਵ ਕੇਸ ਆ ਗਏ ਹਨ। ਇਨ੍ਹਾਂ ’ਚੋਂ ਤਿੰਨ ਪਟਿਆਲਾ ਸ਼ਹਿਰ ਤੇ ਇੱਕ ਸਮਾਣਾ ਸਬੰਧਿਤ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਦਾ ਕਹਿਣਾ ਸੀ ਸੱਜਰੇ ਪਾਜ਼ੇਟਿਵ ਆਏ ਕੇਸਾਂ ’ਚੋਂ ਇੱਕ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦ 23 ਸਾਲਾ ਇੱਕ ਐੱਮਬੀਬੀਐੱਸ ਦੀ ਇੰਟਰਨਜ ਵੀ ਸ਼ਾਮਲ ਹੈ। 49 ਸਾਲਾ ਇੱਕ ਵਿਅਕਤੀ ਲਾਹੌਰੀ ਗੇਟ ਤੇ 36 ਸਾਲਾ ਮਰੀਜ਼ ਪੁਰਾਣਾ ਬਿਸ਼ਨ ਨਗਰ ਦਾ ਰਹਿਣ ਵਾਲਾ ਹੈ। ਸਮਾਣਾ ਦੀ ਰਹਿਣ ਵਾਲੀ ਪਾਜੇਟਿਵ ਮਹਿਲਾ 75 ਸਾਲਾਂ ਦ ਹੈ, ਜੋ ਕਿਸੇ ਹੋਰ ਇਲਾਜ ਲਈ ਰਾਜਿੰਦਰਾ ਹਸਪਤਾਲ ’ਚ ਦਾਖਲ ਹੈ।
ਝੁਨੇਰ ਦਾ ਪੁਲੀਸ ਅਧਿਕਾਰੀ ਕਰੋਨਾ ਪਾਜ਼ੇਟਿਵ
ਸੰਦੌੜ: (ਪੱਤਰ ਪ੍ਰੇਰਕ) ਇਥੋਂ ਨੇੜਲੇ ਪਿੰਡ ਝੁਨੇਰ ਵਿੱਚ ਰਹਿ ਰਹੇ ਇਕ ਪੁਲੀਸ ਅਧਿਕਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝਨੇਰ ਵਾਸੀ ਇਹ ਪੁਲੀਸ ਮੁਲਾਜ਼ਮ ਜੋ ਲੁਧਿਆਣਾ ਜ਼ਿਲ੍ਹੇ ਵਿੱਚ ਪੁਲੀਸ ਵਿਭਾਗ ਨੌਕਰੀ ਕਰਦਾ ਹੈ ਅਤੇ ਕੋਵਿਡ ਦੌਰਾਨ ਡਿਊਟੀ ਕਰਨ ਕਰਕੇ ਹੀ ਉਸਦਾ ਟੈਸਟ ਹੋਇਆ ਸੀ। ਉਸਦੀ ਤਾਜ਼ਾ ਰਿਪੋਰਟ ਅਨੁਸਾਰ ਉਸਨੂੰ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।