ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 15 ਜੂਨ
ਪਿੰਡ ਮੰਡਾਲਾ ਵਿੱਚ ਮਾਲ ਵਿਭਾਗ ਦੇ ਅਧਿਕਾਰੀ ਅੱਜ ਜਦੋਂ ਸਵਰਨ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਪੁਲੀਸ ਦੀ ਮਦਦ ਨਾਲ ਜ਼ਮੀਨ ਦਾ ਦਖਲ ਦਿਵਾਉਣ ਲਈ ਪੁਜੇ ਤਾਂ ਦੂਜੀ ਧਿਰ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਪੁਲੀਸ ਚੌਕੀ ਖਡੂਰ ਸਾਹਿਬ ਦੇ ਏਐੱਸਆਈ ਹਰੀ ਸਿੰਘ ਦੇ ਬਾਂਹ ਉੱਪਰ ਭਾਰੀ ਸੱਟਾ ਵੱਜਣ ਕਾਰਨ ਊਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸਬ ਡਵੀਜ਼ਨ ਹਸਪਤਾਲ ਖਡੂਰ ਸਾਹਿਬ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਤਹਿਸੀਲਦਾਰ ਖਡੂਰ ਸਾਹਿਬ ਨੇ ਕਿਹਾ ਕਿ ਪੁਲੀਸ ਦੀ ਨਫਰੀ ਘੱਟ ਹੋਣ ਕਾਰਨ ਝਗੜਾ ਹੋ ਗਿਆ। ਜਿਸ ਕਾਰਨ ਦਖਲ ਹੁਣ ਬਾਅਦ ’ਚ ਦਿਵਾਇਆ ਜਾਵੇਗਾ। ਇਸ ਸਬੰਧੀ ਪੁਲੀਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਦਖਲ ਮੌਕੇ ਝਗੜਾ ਹੋਣ ਸਮੇਂ ਜਦੋਂ ਏਐੱਸਆਈ ਹਰੀ ਸਿੰਘ ਹਮਲਾ ਕਰਨ ਵਾਲਿਆਂ ਨੂੰ ਰੋਕ ਰਿਹਾ ਸੀ ਤਾਂ ਹਮਲਾਵਰਾਂ ਨੇ ਹਰੀ ਸਿੰਘ ਦੇ ਵੀ ਗੰਭੀਰ ਸੱਟ ਮਾਰ ਦਿੱਤੀ। ਜਿਸ ਸਬੰਧੀ ਡਾਕਟਰੀ ਰਿਪੋਰਟ ਆਉਣ ਮਗਰੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਭੂਆ ਸਣੇ ਚਾਰ ਖ਼ਿਲਾਫ਼ ਕੇਸ ਦਰਜ
ਅਜਨਾਲਾ (ਪੱਤਰ ਪ੍ਰੇਰਕ) ਪੁਰਾਣੀ ਰੰਜਿਸ਼ ਤਹਿਤ ਹੋਏ ਤਕਰਾਰ ਮਗਰੋਂ ਭੂਆ ਤੇ ਫੁਫੜ ਵੱਲੋਂ ਆਪਣੇ ਭਤੀਜੇ ਦੀ ਪਤਨੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ’ਤੇ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ। ਡੀਐੱਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਕੌਰ ਪਤਨੀ ਲਖਬੀਰ ਸਿੰਘ ਵਾਸੀ ਜਗਦੇਵ ਖੁਰਦ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਊਨ੍ਹਾਂ ਦੀ ਭੂਆ ਸੁਰਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਛੇਹਰਟਾ ਨੇ ਸਾਂਝੀ ਜ਼ਮੀਨ ਵਿਚੋਂ ਆਪਣਾ ਹਿੱਸਾ ਲੈ ਲਿਆ ਹੈ ਤੇ ਹੁਣ ਉਹ ਤੇ ਉਸ ਦਾ ਪਤੀ ਲਖਵਿੰਦਰ ਸਿੰਘ ਊਸਦੇ ਭਰਾਵਾਂ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਬੀਤੇ ਕੱਲ੍ਹ ਭੂਆ ਨੇ ਊਨ੍ਹਾਂ ਦੇ ਟਿਊਬਵੈੱਲ ਨੂੰ ਬੰਦ ਕਰ ਦਿੱਤਾ। ਪਤਾ ਲੱਗਣ ’ਤੇ ਊਹ ਮੋਟਰ ਚਲਾਉਣ ਲਈ ਜਦੋਂ ਟਿਊਬਵੈਲ ’ਤੇ ਗਈ ਤਾਂ ਪਹਿਲਾਂ ਤੋਂ ਮਾਰਨ ਦੀ ਨਿਯਤ ਨਾਲ ਭੂਆ, ਫੁਫੜ ਤੇ ਦੋ ਹੋਰ ਅਣਪਛਾਤੇ ਵਿਅਕਤੀ ਡਾਂਗਾਂ ਸੋਟੇ ਲੈ ਕੇ ਖੜ੍ਹੇ ਸਨ। ਭੂਆ ਦੇ ਇਸ਼ਾਰੇ ’ਤੇ ਉਨ੍ਹਾਂ ਊਸਦੀ ਮਾਰਕੁੱਟ ਕੀਤੀ। ਊਸਦੀ ਭੈਣ ਰਾਜਵਿੰਦਰ ਕੌਰ ਬਚਾਅ ਲਈ ਆਈ ਤਾਂ ਮੁਲਜ਼ਮ ਗਾਲਾਂ ਕਢਦੇ ਮੌਕੇ ਤੋਂ ਫਰਾਰ ਹੋ ਗਏ।